ਦੁਬਈ 'ਚ ਗੁਲਜ਼ਾਰ ਨੇ ਜਲਿਆਂਵਾਲਾ ਕਤਲਕਾਂਡ ਸਬੰਧੀ ਕਹੀ 'ਅਹਿਮ ਗੱਲ'

11/03/2019 4:10:44 PM

ਦੁਬਈ (ਭਾਸ਼ਾ): ਦੁਬਈ ਵਿਚ ਮਸ਼ਹੂਰ ਭਾਰਤੀ ਸ਼ਾਇਰ ਅਤੇ ਗੀਤਕਾਰ ਗੁਲਜ਼ਾਰ ਨੇ ਕਿਹਾ ਕਿ ਜਲਿਆਂਵਾਲਾ ਬਾਗ ਕਤਲਕਾਂਡ ਭਾਰਤ ਦੇ ਇਤਿਹਾਸ ਦੀ ਇਕ ਬਹੁਤ ਮਹੱਤਵਪੂਰਨ ਘਟਨਾ ਹੈ। ਪਰ ਇਸ ਦੇ 100 ਸਾਲ ਪੂਰੇ ਹੋਣ 'ਤੇ ਉਨ੍ਹਾਂ ਧਿਆਨ ਨਹੀਂ ਦਿੱਤਾ ਗਿਆ ਜਿੰਨ੍ਹਾਂ ਕਿ ਦਿੱਤਾ ਜਾਣਾ ਚਾਹੀਦਾ ਸੀ। ਸਾਬਕਾ ਰਾਜਦੂਤ ਨਵਦੀਪ ਸੂਰੀ ਦੀ ਕਿਤਾਬ 'ਖੂਨੀ ਵਿਸਾਖੀ' ਦੇ ਸ਼ਾਹਮੁਖੀ ਅਤੇ ਮਲਿਆਲਮ ਐਡੀਸ਼ਨ ਦੇ ਰਿਲੀਜ਼ ਮੌਕੇ 'ਤੇ ਸ਼ਨੀਵਾਰ ਨੂੰ ਗੁਲਜ਼ਾਰ ਨੇ ਇਹ ਗੱਲ ਕਹੀ। ਇਹ ਕਿਤਾਬ ਸੂਰੀ ਦੇ ਦਾਦਾ ਨਾਨਕ ਸਿੰਘ ਵੱਲੋਂ ਜਲਿਆਂਵਾਲਾ ਬਾਗ ਦੀ ਘਟਨਾ 'ਤੇ ਲਿਖੀ ਗਈ ਕਵਿਤਾ ਦਾ ਅਨੁਵਾਦ ਹੈ। ਸ਼ਾਰਜਾਹ ਅੰਤਰਰਾਸ਼ਟਰੀ ਪੁਸਤਕ ਮੇਲੇ ਵਿਚ ਇਸ ਨੂੰ ਰਿਲੀਜ਼ ਕੀਤਾ ਗਿਆ। 

ਗੁਲਜ਼ਾਰ ਨੇ ਕਿਹਾ,''ਆਜ਼ਾਦੀ ਦੇ ਪਹਿਲੇ ਯੁੱਧ ਦੇ 150 ਸਾਲ ਪੂਰੇ ਹੋਣ 'ਤੇ ਕਈ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ ਪਰ ਜਲਿਆਂਵਾਲਾ ਬਾਗ ਕਤਲਕਾਂਡ 'ਤੇ ਉਨ੍ਹਾਂ ਧਿਆਨ ਨਹੀਂ ਦਿੱਤਾ ਗਿਆ ਜਿਨ੍ਹਾਂ ਕਿ ਦਿੱਤਾ ਜਾਣਾ ਚਾਹੀਦਾ ਸੀ।'' ਪਿਛਲੇ ਮਹੀਨੇ ਯੂ.ਏ.ਈ. ਵਿਚ ਭਾਰਤ ਦੇ ਰਾਜਦੂਤ ਅਹੁਦੇ ਤੋਂ ਰਿਟਾਇਰਡ ਹੋਏ ਸੂਰੀ ਨੇ ਉਨ੍ਹਾਂ ਹਾਲਤਾਂ ਨੂੰ ਬਿਆਨ ਕੀਤਾ ਜਿਨ੍ਹਾਂ ਵਿਚ ਉਨ੍ਹਾਂ ਦੇ ਦਾਦਾ ਜੀ ਨੇ ਇਹ ਕਵਿਤਾ ਲਿਖੀ। ਸੂਰੀ ਨੇ ਦੱਸਿਆ ਕਿ ਬ੍ਰਿਟਿਸ਼ ਸਰਕਾਰ ਨੇ 'ਖੂਨੀ ਵਿਸਾਖੀ' ਦੇ ਪ੍ਰਕਾਸ਼ਨ 'ਤੇ ਰੋਕ ਲਗਾ ਦਿੱਤੀ ਸੀ। ਜ਼ਿਕਰਯੋਗ ਹੈ ਕਿ ਪੰਜਾਬ ਦੇ ਅੰਮ੍ਰਿਤਸਰ ਵਿਚ ਜਲਿਆਂਵਾਲਾ ਬਾਗ ਕਤਲਕਾਂਡ 13 ਅਪ੍ਰੈਲ, 1919 ਨੂੰ ਵਾਪਰਿਆ ਸੀ, ਜਿਸ ਵਿਚ ਸੈਂਕੜੇ ਲੋਕ ਮਾਰੇ ਗਏ ਸਨ। ਇੱਥੇ ਰੌਲਟ ਐਕਟ ਦੇ ਵਿਰੋਧ ਵਿਚ ਇਕ ਸਭਾ ਹੋ ਰਹੀ ਸੀ, ਜਿਸ 'ਤੇ ਜਨਰਲ ਡਾਇਰ ਨੇ ਗੋਲੀਆਂ ਚਲਾਉਣ ਦਾ ਹੁਕਮ ਦਿੱਤਾ ਸੀ।

Vandana

This news is Content Editor Vandana