ਦੀਵਾਲੀ ਦੇ ਜਸ਼ਨ ਮੌਕੇ ਦੁਬਈ ਪੁਲਸ ਬੈਂਡ ਨੇ ਵਜਾਇਆ ਰਾਸ਼ਟਰੀ ਗੀਤ, ਵੀਡੀਓ

10/25/2019 2:44:55 PM

ਦੁਬਈ (ਬਿਊਰੋ) : ਦੀਵਾਲੀ ਦਾ ਤਿਉਹਾਰ ਭਾਰਤ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਵਿਦੇਸ਼ਾਂ ਵਿਚ ਵੱਸਦੇ ਵੱਡੀ ਗਿਣਤੀ ਵਿਚ ਭਾਰਤੀ ਇਸ ਤਿਉਹਾਰ ਨੂੰ ਉਤਸ਼ਾਹ ਨਾਲ ਮਨਾਉਂਦੇ ਹਨ। ਇਨ੍ਹਾਂ ਦੇਸ਼ਾਂ ਵਿਚ ਦੁਬਈ ਇਕ ਅਜਿਹਾ ਦੇਸ਼ ਹੈ ਜਿੱਥੇ ਭਾਰਤੀਆਂ ਦੀ ਗਿਣਤੀ ਕਾਫੀ ਹੈ। ਦੀਵਾਲੀ ਦੇ ਸੀਜ਼ਨ ਵਿਚ ਦੁਬਈ ਸਰਕਾਰ ਭਾਰਤੀਆਂ ਲਈ ਲੇਜ਼ਰ ਸ਼ੋਅ ਅਤੇ ਆਤਿਸ਼ਬਾਜ਼ੀ ਦਾ ਆਯੋਜਨ ਕਰਦੀ ਹੈ। ਇਸ ਦੌਰਾਨ ਸਿਰਫ ਭਾਰਤ ਦੇ ਹੀ ਨਹੀਂ ਸਗੋਂ ਹੋਰ ਦੇਸ਼ਾਂ ਦੇ ਵੀ ਲੋਕ ਦੀਵਾਲੀ ਮਨਾਉਣ ਲਈ ਪਹੁੰਚਦੇ ਹਨ।

 

ਇਸ ਵਾਰ ਵੀ ਦੁਬਈ ਸਰਕਾਰ ਨੇ ਬੁਰਜ ਖਲੀਫਾ ਦੇ ਕਰੀਬ ਇਕ ਲੇਜ਼ਰ ਸ਼ੋਅ ਦਾ ਆਯੋਜਨ ਕੀਤਾ, ਜਿੱਥੇ ਵੱਡੀ ਗਿਣਤੀ ਵਿਚ ਲੋਕ ਦੀਵਾਲੀ ਦਾ ਜਸ਼ਨ ਮਨਾਉਣ ਲਈ ਪਹੁੰਚੇ। ਇਸ ਦੌਰਾਨ ਉੱਥੇ ਦੁਬਈ ਪੁਲਸ ਦਾ ਬੈਂਡ ਵੀ ਮੌਜੂਦ ਸੀ, ਜੋ ਵੱਖ-ਵੱਖ ਧੁਨਾਂ ਵਜਾ ਕੇ ਲੋਕਾਂ ਦਾ ਮਨੋਰੰਜਨ ਕਰ ਰਿਹਾ ਸੀ। ਇਸ ਦੌਰਾਨ ਵਜਾਈ ਇਕ ਧੁਨ ਨੇ ਭਾਰਤੀਆਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ। ਅਸਲ ਵਿਚ ਦੁਬਈ ਪੁਲਸ ਦੇ ਬੈਂਡ ਨੇ ਪ੍ਰੋਗਰਾਮ ਦੀ ਸ਼ੁਰੂਆਤ ਭਾਰਤ ਦੇ ਰਾਸ਼ਟਰੀ ਗੀਤ ਦੀ ਧੁਨ ਵਜਾ ਕੇ ਕੀਤੀ। ਰਾਸ਼ਟਰੀ ਗੀਤ ਸੁਣ ਕੇ ਉਸ ਦੇ ਸਨਮਾਨ ਵਿਚ ਸਾਰੇ ਭਾਰਤੀ ਸਾਵਧਾਨ ਦੀ ਮੁਦਰਾ ਵਿਚ ਖੜ੍ਹੇ ਹੋ ਗਏ। ਇਸ ਦੌਰਾਨ ਉੱਥੇ ਮੌਜੂਦ ਕਈ ਲੋਕਾਂ ਨੇ ਇਸ ਪਲ ਨੂੰ ਆਪਣੇ ਕੈਮਰੇ ਵਿਚ ਕੈਦ ਕਰ ਲਿਆ।

 

ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਦੀਵਾਲੀ ਦੇ ਜਸ਼ਨ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਉੱਥੇ ਮੌਜੂਦ ਹਨ। ਇਸ ਦੌਰਾਨ ਲੱਗੇ ਇਕ ਮੰਚ 'ਤੇ ਦੁਬਈ ਪੁਲਸ ਦਾ ਬੈਂਡ ਭਾਰਤ ਦੇ ਰਾਸ਼ਟਰੀ ਗੀਤ ਦੀ ਧੁਨ ਵਜਾਉਂਦਾ ਹੈ। ਵੀਡੀਓ ਨੂੰ ਦੁਬਈ ਦੀ ਸਥਾਨਕ ਨਿਊਜ਼ ਏਜੰਸੀ ਨੇ ਟਵਿੱਟਰ 'ਤੇ ਸੇਅਰ ਕੀਤਾ ਹੈ। ਹੁਣ ਤੱਕ ਇਸ ਨੂੰ 8,000 ਤੋਂ ਵੱਧ ਲੋਕ ਦੇਖ ਚੁੱਕੇ ਹਨ।

 

ਲੋਕਾਂ ਨੇ ਦੁਬਈ ਪੁਲਸ ਬੈਂਡ ਅਤੇ ਉੱਥੋਂ ਦੀ ਸਰਕਾਰ ਦੀ ਵੀ ਤਾਰੀਫ ਕੀਤੀ ਹੈ। ਇਸ ਪ੍ਰੋਗਰਾਮ ਦੇ ਹੋਰ ਵੀਡੀਓ ਵੀ ਵਾਇਰਲ ਹੋ ਰਹੇ ਹਨ, ਜਿਨ੍ਹਾਂ ਵਿਚ ਲੇਜ਼ਰ ਲਾਈਟ ਸ਼ੋਅ ਅਤੇ ਆਸਮਾਨ ਵਿਚ ਆਤਿਸ਼ਬਾਜ਼ੀ ਦੇਖੀ ਜਾ ਸਕਦੀ ਹੈ।

 

ਪ੍ਰੋਗਰਾਮ ਵਿਚ ਲੋਕ ਬਾਲੀਵੁੱਡ ਸੰਗੀਤ 'ਤੇ ਨੱਚਦੇ ਦੇਖੇ ਜਾ ਸਕਦੇ ਹਨ।

Vandana

This news is Content Editor Vandana