ਪਾਕਿ ਦੇ ਗਰੀਬਾਂ ਲਈ ਮਸੀਹਾ ਬਣਿਆ ਇਹ ''NRI ਭਾਰਤੀ ਸਿੱਖ''

06/06/2019 6:31:57 PM

ਦੁਬਈ (ਬਿਊਰੋ)— ਦੁਬਈ ਵਿਚ ਰਹਿੰਦੇ ਇਕ ਭਾਰਤੀ ਕਾਰੋਬਾਰੀ ਨੇ ਮਨੁੱਖਤਾ ਦੀ ਮਿਸਾਲ ਕਾਇਮ ਕੀਤੀ। ਉਨ੍ਹਾਂ ਨੇ ਭਾਰਤ-ਪਾਕਿਸਤਾਨ ਦੇ ਵਿਚ ਪੈਦਾ ਹੋਏ ਤਣਾਅ ਨਾਲ ਪ੍ਰਭਾਵਿਤ ਹੋਏ ਬਿਨਾਂ ਮਨੁੱਖਤਾ ਦੇ ਆਧਾਰ 'ਤੇ ਇਕ ਪਹਿਲ ਕੀਤੀ ਅਤੇ ਪਾਕਿਸਤਾਨ ਦੇ ਦੱਖਣ-ਪੂਰਬ ਸਿੰਧ ਸੂਬੇ ਦੇ ਗਰੀਬ ਇਲਾਕੇ ਵਿਚ ਕਰੀਬ 60 ਹੈਂਡਪੰਪ ਲਗਵਾਏ। ਮੀਡੀਆ ਖਬਰਾਂ ਮੁਤਾਬਕ ਜੋਗਿੰਦਰ ਸਿੰਘ ਸਲਾਰੀਆ ਨੂੰ ਸੋਸ਼ਲ ਮੀਡੀਆ ਜ਼ਰੀਏ ਥਾਰਪਰਕਰ ਜ਼ਿਲੇ ਦੀ ਬੁਰੀ ਹਾਲਤ ਬਾਰੇ ਪਤਾ ਚੱਲਿਆ। ਇਸ ਦੇ ਬਾਅਦ ਸਲਾਰੀਆ ਨੇ ਸਥਾਨਕ ਸਮਾਜਿਕ ਕਾਰਕੁੰਨਾਂ ਦੀ ਮਦਦ ਨਾਲ ਇੱਥੇ ਕਰੀਬ 62 ਹੈਂਡਪੰਪ ਲਗਵਾਏ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਲਈ ਅਨਾਜ ਦੀਆਂ ਬੋਰੀਆਂ ਵੀ ਭਿਜਵਾਈਆਂ। 

ਸਲਾਰੀਆ 1993 ਤੋਂ ਸੰਯੁਕਤ ਅਰਬ ਅਮੀਰਾਤ ਵਿਚ ਰਹਿ ਰਹੇ ਹਨ ਅਤੇ ਆਵਾਜਾਈ ਕਾਰੋਬਾਰ ਨਾਲ ਜੁੜੇ ਹੋਏ ਹਨ। ਸਲਾਰੀਆ ਨੇ ਕਿਹਾ ਕਿ ਫੇਸਬੁੱਕ ਅਤੇ ਯੂ-ਟਿਊਬ ਜਿਹੀਆਂ ਸੋਸ਼ਲ ਨੈੱਟਵਰਕਿੰਗ ਸਾਈਟਾਂ ਜ਼ਰੀਏ ਉਹ ਪਾਕਿਸਤਾਨ ਵਿਚ ਸਮਾਜਿਕ ਕਾਰੁਕੰਨਾਂ ਤੱਕ ਪਹੁੰਚੇ, ਉਨ੍ਹਾਂ ਨਾਲ ਸੰਪਰਕ ਕੀਤਾ ਅਤੇ ਫਿਰ ਪੂਰੇ ਕੰਮ ਲਈ ਆਰਥਿਕ ਮਦਦ ਦਿੱਤੀ। ਇਕ ਅੰਗਰੇਜ਼ੀ ਅਖਬਾਰ ਨੇ ਸਲਾਰੀਆ ਦੇ ਹਵਾਲੇ ਨਾਲ ਕਿਹਾ,''ਪੁਲਵਾਮਾ ਘਟਨਾ ਦੇ ਬਾਅਦ ਭਾਰਤ-ਪਾਕਿਸਤਾਨ ਦੇ ਵਿਚ ਜਦੋਂ ਤਣਾਅ ਸਿਖਰ 'ਤੇ ਸੀ ਉਦੋਂ ਅਸੀਂ ਇਨ੍ਹਾਂ ਗਰੀਬ ਪਿੰਡਾਂ ਵਿਚ ਹੈਂਡਪੰਪ ਲਗਵਾ ਰਹੇ ਸੀ।'' ਉਨ੍ਹਾਂ ਨੇ ਕਿਹਾ ਕਿ ਉਸ ਜ਼ਿਲੇ ਦੀ ਬੁਰੀ ਹਾਲਤ ਅਤੇ ਲੋਕਾਂ ਦੀ ਤਰਸਯੋਗ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੇ ਮਦਦ ਕਰਨ ਦੀ ਸੋਚੀ।

Vandana

This news is Content Editor Vandana