ਨਸ਼ੇ ''ਚ ਵਿਅਕਤੀ ਨੇ ਕਾਰ ਨੂੰ ਮਾਰੀ ਟੱਕਰ, 2 ਦੀ ਮੌਤ

12/27/2017 10:39:31 AM

ਸਿਡਨੀ (ਬਿਊਰੋ)— ਆਸਟ੍ਰੇਲੀਆਈ ਪੁਲਸ ਦਾ ਮੰਨਣਾ ਹੈ ਕਿ 46 ਸਾਲਾ ਵਿਅਕਤੀ ਜੋ ਕਿ ਨਸ਼ੇ ਵਿਚ ਸੀ, ਉਸ ਨੇ  ਕ੍ਰਿਸਮਸ ਵਾਲੇ ਦਿਨ ਇਕ ਕਾਰ ਨੂੰ ਟੱਕਰ ਮਾਰੀ ਸੀ। ਇਸ ਟੱਕਰ ਕਾਰਨ ਕਾਰ ਵਿਚ ਸਵਾਰ ਮਾਂ ਤੇ ਬੇਟੀ ਦੀ ਮੌਕੇ ਤੇ ਹੀ ਮੌਤ ਹੋ ਗਈ। ਟ੍ਰਿਟੋਨ ਪਰਿਵਾਰ ਬ੍ਰਿਸਬੇਨ ਦੇ ਪੂਰਬ ਵਿਚ ਮੈਨਲੀ ਪੱਛਮ ਵਿਚ ਰਿਸ਼ਤੇਦਾਰਾਂ ਨੂੰ ਮਿਲਣ ਲਈ ਜਾ ਰਿਹਾ ਸੀ ਅਤੇ ਹਾਲੇ ਰਸਤੇ ਵਿਚ ਹੀ ਸੀ। ਉਸੇ ਸਮੇਂ ਇਕ ਬੇਕਾਬੂ ਬਲੈਕ ਬੀ. ਐੱਮ. ਡਬਲਊ. ਕਾਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰੀ। ਟਕੱਰ

ਮਗਰੋਂ 56 ਸਾਲਾ ਮਾਂ ਕੇਰੀਨ ਅਤੇ 18 ਸਾਲਾ ਬੇਟੀ ਮਕਾਇਲਾ ਦੀ ਮੌਕੇ ਤੇ ਹੀ ਮੌਤ ਹੋ ਗਈ।  ਦੋ ਡਾਕਟਰ ਹਾਦਸੇ ਵਾਲੀ ਜਗ੍ਹਾ ਨੇੜਿਓਂ ਲੰਘ ਰਹੇ ਸਨ, ਉਨ੍ਹਾਂ ਵਿਚੋਂ ਇਕ ਗਰਭਵਤੀ ਸੀ।

ਉਨ੍ਹਾਂ ਨੇ ਮਕਾਲਿਆ ਨੂੰ ਸੀ. ਪੀ. ਆਰ. ਦਿੱਤੀ। ਪੁਲਸ ਅਧਿਕਾਰੀ ਵੀ ਜਲਦੀ ਹੀ ਮੌਕੇ 'ਤੇ ਪੁੱਜ ਗਏ। ਉਨ੍ਹਾਂ ਨੇ ਕਾਰ ਵਿਚ ਜ਼ਖਮੀ ਪਈ 23 ਸਾਲਾ ਭੈਣ ਤਮੈਕਾ ਅਤੇ 55 ਸਾਲਾ ਪਿਤਾ ਲਾਰੇਂਸ ਨੂੰ ਜਲਦੀ ਨਾਲ ਹਸਪਤਾਲ ਪਹੁੰਚਾਇਆ। ਉੱਧਰ ਬੀ. ਐੱਮ. ਡਬਲਊ. ਦੇ ਡਰਾਈਵਰ 46 ਸਾਲਾ ਮਾਰਕ ਵੈਨਰਿਸ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਸਨ। ਪੁਲਸ ਵੈਨਰਿਸ ਨੂੰ ਟੈਸਟ ਲਈ ਹਸਪਤਾਲ ਲੈ ਕੇ ਗਈ। ਉੱਧਰ ਕੱਲ ਸੁਣਵਾਈ ਮਗਰੋਂ ਵੈਨਰਿਸ ਨੂੰ ਜਮਾਨਤ ਤੇ ਰਿਹਾਅ ਕਰ ਦਿੱਤਾ ਗਿਆ। ਪੁਲਸ ਹੁਣ ਉਸ ਦੀ ਬਲੱਡ ਰਿਪੋਰਟ ਦੇ ਆਉਣ ਦਾ ਇੰਤਜ਼ਾਰ ਕਰ ਰਹੀ ਹੈ।