ਨਸ਼ਾ ਤਸਕਰੀ ਦੇ ਦੋਸ਼ ''ਚ ਪੰਜਾਬੀ ਨੌਜਵਾਨ ਨੂੰ ਹੋਈ 13 ਸਾਲ ਦੀ ਜੇਲ

02/12/2018 1:34:01 PM

ਲੰਡਨ(ਰਾਜਵੀਰ ਸਮਰਾ)— ਯੂ.ਕੇ ਵਿਚ ਪੰਜਾਬੀ ਮੂਲ ਦੇ ਨਸ਼ਾ ਤਸਕਰ ਦਲਜਿੰਦਰ ਸਿੰਘ ਬਾਸੀ ਨੂੰ ਨਸ਼ਾ ਤਸਕਰੀ ਦੇ ਦੋਸ਼ਾਂ ਵਿਚ 13 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਵਿਚ ਦੱਸਿਆ ਗਿਆ ਕਿ ਦਲਜਿੰਦਰ ਬਾਸੀ ਨੂੰ ਮੈਟਰੋਪੁਲੀਟਨ ਪੁਲਸ ਆਰਗੇਨਾਈਜ਼ ਕ੍ਰਾਈਮ ਪਾਰਟਨਰਸ਼ਿਪ (ਓ.ਸੀ.ਪੀ.) ਤੇ ਵੈਸਟ ਮਿਡਲੈਂਡ ਪੁਲਸ ਨੇ ਸਾਂਝੀ ਕਾਰਵਾਈ ਕਰਦਿਆਂ ਬੀਤੇ ਵਰ੍ਹੇ ਅਕਤੂਬਰ ਵਿਚ ਯੂ.ਕੇ. ਦੀ ਜਰਨੈਲੀ ਸੜਕ ਐਮ-6 ਤੋਂ ਉਸ ਦੀ ਕਾਰ ਵਿਚੋਂ ਉਸ ਨੂੰ 3 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਸੀ। 36 ਸਾਲਾਂ ਬਾਸੀ ਵੱਲੋਂ ਆਪਣੇ ਘਰ ਨੂੰ ਏ-ਕਲਾਸ ਡਰੱਗ ਦੇ ਧੰਦੇ ਲਈ ਵੱਡੇ ਪੱਧਰ 'ਤੇ ਵਰਤਿਆ ਜਾਂਦਾ ਸੀ। ਸਟੈਫੋਰਡ ਰੋਡ, ਵੁਲਵਰਹੈਂਪਟਨ ਵਿਚ ਇਕ ਘਰ ਦੀ ਤਲਾਸ਼ੀ ਦੌਰਾਨ ਪੁਲਸ ਨੂੰ ਡਰੱਗ, ਨਕਦੀ, ਵੱਡੀ ਮਾਤਰਾ ਵਿਚ ਮਿਲੇ। ਇਹ ਡਰੱਗ ਅਤੇ ਨਕਦੀ ਘਰ ਦੀਆਂ ਕੰਧਾਂ, ਛੱਤ, ਫਰਸ਼ ਤੇ ਹੋਰ ਥਾਵਾਂ 'ਤੇ ਲੁਕਾ ਕੇ ਰੱਖੀ ਹੋਈ ਸੀ।|

ਨੈਸ਼ਨਲ ਕ੍ਰਾਈਮ ਏਜੰਸੀ ਨੇ ਕਿਹਾ ਕਿ ਘਰ ਦੀਆਂ ਕੰਧਾਂ ਵਿਚ ਲੁਕਾਈ ਨਕਦੀ ਨੂੰ ਕੱਢਣ ਜਾਂ ਰੱਖਣ ਲਈ ਛੱਤ (ਲੌਫਟ) ਦੀ ਵਰਤੋਂ ਕੀਤੀ ਜਾਂਦੀ ਸੀ। ਤਲਾਸ਼ੀ ਦੌਰਾਨ ਪੁਲਸ ਅਧਿਕਾਰੀਆਂ ਨੂੰ 7 ਲੱਖ 37 ਹਜ਼ਾਰ ਪੌਂਡ ਨਕਦ ਤੇ 22 ਕਿਲੋ ਹੈਰੋਇਨ, ਕੋਕੀਨ ਤੇ ਮਿਲਾਵਟ ਵਾਲਾ ਸਾਮਾਨ ਮਿਲਿਆ, ਜਿਸ ਦਾ ਅੰਦਾਜ਼ਨ ਮੁੱਲ 25 ਲੱਖ ਪੌਂਡ ਦੇ ਕਰੀਬ ਦੱਸਿਆ ਗਿਆ ਹੈ। ਦਲਜਿੰਦਰ ਬਾਸੀ ਨੇ ਵੁਲਵਰਹੈਂਪਟਨ ਕਰਾਊਨ ਕੋਰਟ ਵਿਚ ਆਪਣੇ 'ਤੇ ਲੱਗੇ 3 ਦੋਸ਼ ਕਬੂਲ ਕਰ ਲਏ, ਜਿਸ ਤਹਿਤ ਅਦਾਲਤ ਨੇ ਉਸ ਨੂੰ 13 ਸਾਲ ਕੈਦ ਦੀ ਸਜ਼ਾ ਸੁਣਾਈ ਹੈ।