ਪੱਥਰ ਦੇ ਰਹੇ ਹਨ ਚਿਤਾਵਨੀ ਆਉਣ ਵਾਲੇ ਸਮੇਂ ''ਚ ਯੂਰਪ ਨੂੰ ਝੱਲਣੀ ਪਵੇਗੀ ਵੱਡੀ ਸਮੱਸਿਆ

08/26/2018 11:25:16 AM

ਡੇਸਿਨ— ਯੂਰਪ ਤੋਂ ਬੁਰੀ ਖਬਰ ਆ ਰਹੀ ਹੈ। ਸੈਂਟਰਲ ਯੂਰਪ 'ਚ ਕੁਝ ਇਲਾਕਿਆਂ ਵਿਚ ਸੋਕੇ ਕਾਰਨ ਹੰਗਰ ਸਟੋਨਸ ਦੇ ਨਾਂ ਨਾਲ ਜਾਣੇ ਜਾਣ ਵਾਲੇ ਪੱਥਰ ਫਿਰ ਤੋਂ ਨਜ਼ਰ ਆਉਣ ਲੱਗੇ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਪੱਥਰ ਜਦੋਂ ਵੀ ਨਜ਼ਰ ਆਉਂਦੇ ਹਨ, ਓਦੋਂ ਯੂਰਪ ਵਿਚ ਵੱਡੀ ਸਮੱਸਿਆ ਖੜ੍ਹੀ ਹੁੰਦੀ ਹੈ। ਇਨ੍ਹਾਂ ਪੱਥਰਾਂ 'ਤੇ ਲਿਖਿਆ ਹੈ 'ਜਦੋਂ ਮੈਨੂੰ ਦੇਖੋ ਤਾਂ ਰੋਵੋ।' ਦਰਅਸਲ, ਸੈਂਟਰਲ ਯੂਰਪ ਦੀ ਐਲਬੇ ਨਦੀ ਵਿਚ ਇਹ ਪੱਥਰ ਦਿਖਾਈ ਦਿੱਤੇ ਹਨ। ਇਹ ਨਦੀ ਚੈੱਕ ਰਿਪਬਲਿਕ ਤੋਂ ਸ਼ੁਰੂ ਹੁੰਦੀ ਹੈ ਅਤੇ ਜਰਮਨੀ ਵਿਚ ਉੱਤਰੀ ਸਮੁੰਦਰ ਵਿਚ ਮਿਲਦੀ ਹੈ। ਨਦੀ ਵਿਚ ਕਈ ਥਾਂ ਪਾਣੀ ਦਾ ਪੱਧਰ ਘੱਟ ਹੋਣ ਕਾਰਨ ਇਹ ਪੱਥਰ ਦਿਖਾਈ ਦੇ ਰਹੇ ਹਨ।

PunjabKesari
ਮਾਨਤਾ ਹੈ ਕਿ ਇਨ੍ਹਾਂ ਪੱਥਰਾਂ ਦਾ ਦਿਸਣਾ ਇਕ ਤਰ੍ਹਾਂ ਦੀ ਚਿਤਾਵਨੀ ਹੈ। ਲੋਕਾਂ ਦਾ ਮੰਨਣਾ ਹੈ ਕਿ ਪੱਥਰ ਦਿਸਣ ਦਾ ਮਤਲਬ ਹੈ ਬੁਰਾ ਸਮਾਂ ਆ ਰਿਹਾ ਹੈ। ਚੈੱਕ ਰਿਪਬਲਿਕ ਤੇ ਜਰਮਨ ਬਾਰਡਰ ਕੋਲ ਨਦੀ ਵਿਚ ਪਾਣੀ ਦਾ ਪੱਧਰ ਘੱਟ ਹੋਣ ਕਾਰਨ ਅਜਿਹੇ ਦਰਜਨਾਂ ਪੱਥਰ ਦਿਸ ਰਹੇ ਹਨ। ਇਨ੍ਹਾਂ ਪੱਥਰਾਂ ਵਿਚੋਂ ਇਕ 'ਤੇ ਤਰੀਕ ਵੀ ਹੈ, ਜੋ ਸੰਨ 1616 ਦੀ ਹੈ। ਇਨ੍ਹਾਂ ਪੱਥਰਾਂ ਨੂੰ ਮੱਧ ਯੂਰਪ ਵਿਚ ਜਲ ਵਿਗਿਆਨ ਨਾਲ ਸਬੰਧਤ ਸਭ ਤੋਂ ਪੁਰਾਣਾ ਮੰਨਿਆ ਜਾਂਦਾ ਹੈ। ਮਤਲਬ ਸਾਫ ਹੈ ਕਿ ਇਨ੍ਹਾਂ ਖੇਤਰਾਂ ਵਿਚ ਪਾਣੀ ਦੀ ਕਮੀ ਹੋਣ ਵਾਲੀ ਹੈ ਅਤੇ ਜਦੋਂ ਪਾਣੀ ਦੀ ਕਮੀ ਹੁੰਦੀ ਹੈ ਤਾਂ ਸੁਭਾਵਿਕ ਤੌਰ 'ਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਲਿਆਉਂਦੀ ਹੈ।


Related News