ਸੋਕੇ ਨਾਲ ਜੂਝ ਰਹੇ ਨੇ ਆਸਟ੍ਰੇਲੀਆ ਦੇ ਕਿਸਾਨ, ਮਦਦ ਲਈ ਅੱਗੇ ਆਏ ਭਾਰਤੀ-ਆਸਟ੍ਰੇਲੀਅਨ

09/23/2018 6:39:36 PM

ਸਿਡਨੀ (ਏਜੰਸੀ)— ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੇ ਸੋਕਾ ਪੀੜਤ ਕਿਸਾਨਾਂ ਦੀ ਮਦਦ ਲਈ ਭਾਰਤੀ-ਆਸਟ੍ਰੇਲੀਅਨ ਭਾਈਚਾਰੇ ਦੇ ਲੋਕਾਂ ਨੇ ਇਕ ਖਾਸ ਉਪਰਾਲਾ ਕੀਤਾ ਹੈ। ਲੋਕ ਸੋਕਾ ਪੀੜਤ ਕਿਸਾਨਾਂ ਦੀ ਮਦਦ ਲਈ ਫੰਡ ਇਕੱਠਾ ਕਰਨ ਲਈ ਸਿਡਨੀ ਤੋਂ ਕੈਨਬਰਾ ਤਕ ਦਾ ਲੱਗਭਗ 350 ਕਿਲੋਮੀਟਰ ਦਾ ਪੈਦਲ ਮਾਰਚ ਕਰ ਰਹੇ ਹਨ। ਸ਼ਨੀਵਾਰ ਭਾਵ 22 ਸਤੰਬਰ ਨੂੰ ਲੋਕਾਂ ਨੇ ਇਹ ਮਾਰਚ ਸ਼ੁਰੂ ਕੀਤਾ, ਉਨ੍ਹਾਂ ਨੂੰ ਉਮੀਦ ਹੈ ਕਿ ਉਹ 1 ਅਕਤੂਬਰ ਨੂੰ ਕੈਨਬਰਾ ਪਹੁੰਚ ਜਾਣਗੇ। ਇਹ ਪੈਦਲ ਮਾਰਚ ਇਕ ਦਿਨ ਵਿਚ 35 ਕਿਲੋਮੀਟਰ ਦਾ ਹੋਵੇਗਾ। 

ਇਸ ਪੈਦਲ ਮਾਰਚ ਦਾ ਆਯੋਜਨ ਯੂਨਾਈਟਿਡ ਇੰਡੀਅਨ ਐਸੋਸੀਏਸ਼ਨ ਵਲੋਂ ਕੀਤਾ ਗਿਆ ਹੈ। ਇਹ ਇਕ ਅਜਿਹਾ ਸੰਗਠਨ ਹੈ ਜੋ ਕਿ ਆਸਟ੍ਰੇਲੀਆ ਵਿਚ ਸਮਾਜਿਕ ਅਤੇ ਭਾਈਚਾਰੇ ਦੇ ਵਿਕਾਸ ਕੰਮਾਂ ਲਈ ਭਾਰਤੀ ਪ੍ਰਵਾਸੀਆਂ ਦੀ ਸੇਵਾ ਕਰਦਾ ਹੈ। ਸੰਗਠਨ ਦੇ ਪ੍ਰਧਾਨ ਸ਼ਰੀਨੀ ਪਿੱਲਾਮੈਰੀ ਨੇ ਇਸ ਵਧੀਆ ਕੰਮ ਲਈ ਸਥਾਨਕ ਭਾਈਚਾਰੇ ਦੇ ਮੈਂਬਰਾਂ ਨੂੰ ਵੀ ਹਿੱਸਾ ਲੈਣ ਲਈ ਸੱਦਾ ਦਿੱਤਾ ਹੈ। ਇਸ ਪੈਦਲ ਮਾਰਚ ਨੂੰ ਨਾਂ ਦਿੱਤਾ ਗਿਆ ਹੈ— 'ਅਵਰ ਫਾਰਮਰਜ਼ ਅਵਰ ਪ੍ਰਾਈਡ- ਵਾਕ ਫਾਰ ਫਾਰਮਰਜ਼।' ਦੱਸਣਯੋਗ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਕਿਸਾਨ ਸੋਕੇ ਦੀ ਮਾਰ ਨਾਲ ਜੂਝ ਰਹੇ ਹਨ।

ਨਿਊ ਸਾਊਥ ਵੇਲਜ਼ ਅਤੇ ਹੋਰ ਸੂਬਿਆਂ ਦੇ ਲੋਕਾਂ ਦਾ ਕਹਿਣਾ ਹੈ ਕਿ 1902 ਤੋਂ ਬਾਅਦ ਇੱਥੇ ਸੋਕੇ ਦੀ ਮਾਰ ਕਾਰਨ ਕਿਸਾਨ ਜੂਝ ਰਹੇ ਹਨ। ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਲੋਕ ਮਦਦ ਲਈ ਅੱਗੇ ਆਏ ਹਨ। ਭਾਰਤੀ ਭਾਈਚਾਰੇ ਦੇ ਪ੍ਰਧਾਨ ਡਾ. ਜਗਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਫੰਡ ਜ਼ਰੀਏ ਨਿਊ ਸਾਊਥ ਵੇਲਜ਼ ਦੇ ਕਿਸਾਨਾਂ ਦੀ ਆਰਥਿਕ ਤੌਰ 'ਤੇ ਮਦਦ ਕੀਤੀ ਜਾਵੇਗੀ। ਉਨ੍ਹਾਂ ਨੂੰ ਉਮੀਦ ਹੈ ਕਿ 10 ਦਿਨਾ 'ਚ 1,00,000 ਤੋਂ 2,50,000 ਡਾਲਰ ਦੀ ਰਾਸ਼ੀ ਇਕੱਠੀ ਹੋ ਜਾਵੇਗੀ। ਇਹ ਰਾਸ਼ੀ ਉਨ੍ਹਾਂ ਕਿਸਾਨਾਂ ਨੂੰ ਦਿੱਤੀ ਜਾਵੇਗੀ, ਜੋ ਕਿ ਦਹਾਕਿਆਂ ਤੋਂ ਸੋਕੇ ਦੀ ਮਾਰ ਨੂੰ ਝੱਲ ਰਹੇ ਹਨ। 

ਵਿਰਕ ਨੇ ਕਿਹਾ ਕਿ ਸਾਡੀ ਕੋਸ਼ਿਸ਼ ਨੂੰ ਸੰਘੀ ਸਰਕਾਰ ਅਤੇ ਬਹੁਤ ਸਾਰੇ ਸਥਾਨਕ ਸੰਸਦ ਮੈਂਬਰਾਂ ਨੇ ਮਨਜ਼ੂਰ ਕੀਤਾ ਹੈ, ਜੋ ਕਿ ਖੁੱਲ੍ਹੇ ਤੌਰ 'ਤੇ ਇਸ ਪ੍ਰੋਗਰਾਮ ਦੇ ਆਯੋਜਨ ਲਈ ਆਪਣਾ ਸਮਰਥਨ ਦੇਣ ਲਈ ਅੱਗੇ ਆਏ ਹਨ। ਵਿਰਕ ਨੇ ਅੱਗੇ ਦੱਸਿਆ ਕਿ ਲੋਕਾਂ ਦਾ ਸਮੂਹ 2 ਅਕਤੂਬਰ ਨੂੰ ਕੈਨਬਰਾ ਪਾਰਲੀਮੈਂਟ ਹਾਊਸ ਦੀ ਯਾਤਰਾ ਕਰੇਗਾ, ਜਿੱਥੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ। ਇੱਥੇ ਦੱਸ ਦੇਈਏ ਕਿ ਯੂਨਾਈਟਿਡ ਇੰਡੀਅਨ ਐਸੋਸੀਏਸ਼ਨ ਵਲੋਂ ਅਗਸਤ 2018 ਨੂੰ ਨਿਊ ਸਾਊਥ ਵੇਲਜ਼ ਦੇ ਕਿਸਾਨਾਂ ਦੀ ਮਦਦ ਲਈ 'ਮੈਟਸ਼ਿਪ ਮੇਲੇ' ਵਿਚ 5,000 ਡਾਲਰ ਦਾ ਫੰਡ ਦਿੱਤਾ ਗਿਆ।


Related News