ਹੁਣ ਮਗਰਮੱਛਾਂ ''ਤੇ ਡਰੋਨ ਰਾਹੀਂ ਨਜ਼ਰ ਰੱਖੇਗਾ ਆਸਟ੍ਰੇਲੀਆ

07/15/2018 3:54:42 AM

ਕੈਨਬਰਾ— ਆਸਟ੍ਰੇਲੀਆ ਆਪਣੇ ਨਾਗਰਿਕਾਂ ਨੂੰ ਮਗਰਮੱਛਾਂ ਦੇ ਹਮਲਿਆਂ ਤੋਂ ਬਚਾਉਣ ਲਈ ਡਰੋਨ ਦਾ ਸਹਾਰਾ ਲਵੇਗਾ। ਆਸਟ੍ਰੇਲੀਆ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਾਣੀ 'ਚ ਮਗਰਮੱਛਾਂ ਦੀ ਆਵਾਜਾਈ ਤੇ ਉਨ੍ਹਾਂ 'ਤੇ ਨਜ਼ਰ ਰੱਖਣ ਲਈ ਡਰੋਨ ਦਾ ਇਸਤੇਮਾਲ ਕੀਤਾ ਜਾਵੇਗਾ। ਆਸਟ੍ਰੇਲੀਆ ਕਰੀਬ ਡੇਢ ਲੱਖ ਮਗਰਮੱਛਾਂ ਦਾ ਘਰ ਹੈ। ਕਵੀਨਸਲੈਂਡ ਸੂਬੇ ਦੇ ਲਾਈਫ ਗਾਰਡ ਜਲਦ ਹੀ ਉਨ੍ਹਾਂ ਥਾਂਵਾਂ 'ਤੇ ਡਰੋਨ ਦੀ ਮਦਦ ਨਾਲ ਨਜ਼ਰ ਰੱਖਣਗੇ, ਜਿਥੇ ਵੱਡੀ ਗਿਣਤੀ 'ਚ ਲੋਕ ਤੈਰਾਕੀ ਦਾ ਮਜ਼ਾ ਲੈਣ ਆਉਂਦੇ ਹਨ। ਸ਼ਾਰਕ ਦੇ ਹਮਲਿਆਂ ਤੋਂ ਬਚਣ ਲਈ ਇਸ ਤਕਨੀਕ ਦਾ ਇਸਤੇਮਾਲ ਪਹਿਲਾਂ ਹੀ ਕਾਰਗਰ ਤਰੀਕੇ ਨਾਲ ਕੀਤਾ ਜਾ ਚੁੱਕਾ ਹੈ। ਇਕ ਰਿਪੋਰਟ ਮੁਤਾਬਕ ਕਵੀਨਸਲੈਂਡ ਦੇ ਹਰ 1 ਕਿਲੋਮੀਟਰ ਦੇ ਦਾਇਰੇ 'ਚ ਇਕ ਮਗਰਮੱਛ ਹੈ ਜਦਕਿ ਗੁਆਂਢ ਦੇ ਨਾਰਦਰਨ ਟੈਰੀਟਰੀ 'ਚ 1 ਕਿਲੋਮੀਟਰ 'ਚ 5 ਤੋਂ 10 ਮਗਰਮੱਛ ਹਨ। ਕਵੀਨਸਲੈਂਡ ਦੇ ਜੰਗਲੀ ਜੀਵ ਅਧਿਕਾਰੀਆਂ ਨੇ ਪਿਛਲੇ ਸਾਲ ਰਿਹਾਇਸ਼ੀ ਇਲਾਕਿਆਂ ਤੋਂ 84 ਮਗਰਮੱਛ ਹਟਾਏ ਸਨ। ਪਿਛਲੇ ਸੋਮਵਾਰ ਨੂੰ ਨਾਰਦਰਨ ਟੈਰੀਟਰੀ ਦੀ ਕੈਥਰੀਨ ਨਦੀ ਤੋਂ 16.5 ਫੁੱਟ ਲੰਬਾ ਵਿਸ਼ਾਲ ਮਗਰਮੱਛ ਫੜ੍ਹਿਆ ਗਿਆ। ਜੰਗਲਾਤ ਵਿਭਾਗ ਦੇ ਅਧਿਕਾਰੀ ਸਾਲ 2010 ਤੋਂ ਕਰੀਬ 600 ਕਿਲੋਗ੍ਰਾਮ ਦੇ ਇਸ ਮਗਰਮੱਛ ਦੀ ਭਾਲ 'ਚ ਸਨ। ਇਸ ਮਗਰਮੱਛ ਦੀ ਉਮਰ ਕਰੀਬ 60 ਸਾਲ ਦੱਸੀ ਜਾ ਰਹੀ ਹੈ ਜੇਕਰ ਡਰੋਨ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੁੰਦਾ ਤਾਂ ਸ਼ਾਇਦ ਉਸ ਨੂੰ ਫੜ੍ਹਮ 'ਚ ਇੰਨਾ ਸਮਾਂ ਨਹੀਂ ਲਗਦਾ।