ਨਸ਼ੇ ''ਚ ਕਬਰਸਤਾਨ ''ਚ ਜਾ ਵੜਿਆ ਡਰਾਈਵਰ, ਵਾਲ-ਵਾਲ ਬਚੀ ਜਾਨ

02/06/2018 2:00:10 PM

ਸਿਡਨੀ—  ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੇ ਸ਼ਹਿਰ ਸਿਡਨੀ 'ਚ ਨਸ਼ੇ 'ਚ ਟੱਲੀ ਇਕ ਵਿਅਕਤੀ ਕਾਰ ਚਲਾਉਂਦਾ ਹੋਇਆ ਕਬਰਸਤਾਨ 'ਚ ਜਾ ਵੜਿਆ। ਖੁਸ਼ਕਿਸਮਤੀ ਇਹ ਰਹੀ ਕਿ ਉਹ ਵਾਲ-ਵਾਲ ਬਚ ਗਿਆ। ਉਸ ਦੀ ਮਰਸਡੀਜ਼ ਕਾਰ ਦੀ ਕਬਰਸਤਾਨ 'ਚ ਪੱਥਰ ਦੀਆਂ ਬਣੀਆਂ ਕਬਰਾਂ ਨਾਲ ਭਿਆਨਕ ਟੱਕਰ ਹੋ ਗਈ, ਜਿਸ ਕਾਰਨ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। 40 ਸਾਲਾ ਡਰਾਈਵਰ ਜੋ ਕਿ ਕਾਰ 'ਚ ਇਕੱਲਾ ਸੀ, ਉਸ ਦੇ ਚਿਹਰੇ ਅਤੇ ਢਿੱਡ 'ਤੇ ਗੰਭੀਰ ਸੱਟਾਂ ਲੱਗੀਆਂ ਹਨ। 


ਕਬਰਸਤਾਨ 'ਚ ਬਣੀਆਂ ਕਬਰਾਂ ਜੋ ਕਿ 1920 ਤੋਂ ਬਣੀਆਂ ਸ਼ੁਰੂ ਹੋਈਆਂ ਸਨ, ਉਹ ਵੀ ਨੁਕਸਾਨੀਆਂ ਗਈਆਂ। ਇਸ ਹਾਦਸੇ 'ਚ ਡਰਾਈਵਰ ਕਾਰ 'ਚ ਫਸ ਗਿਆ। ਪੁਲਸ ਮੁਤਾਬਕ ਇਹ ਹਾਦਸਾ ਦੱਖਣੀ-ਪੂਰਬੀ ਸਿਡਨੀ ਦੇ ਸਾਊਥ ਕੋਗੀ 'ਚ ਤੜਕਸਾਰ 2.30 ਵਜੇ ਦੇ ਕਰੀਬ ਵਾਪਰਿਆ।

ਪੁਲਸ ਨੇ ਦੱਸਿਆ ਕਿ ਜਦੋਂ ਉਹ ਘਟਨਾ ਵਾਲੀ ਥਾਂ 'ਤੇ ਪੁੱਜੇ ਤਾਂ ਉਨ੍ਹਾਂ ਨੇ ਕਾਰ ਦੇ ਡਰਾਈਵਰ ਨੂੰ ਗੰਭੀਰ ਰੂਪ ਨਾਲ ਜ਼ਖਮੀ ਦੇਖਿਆ। ਗੰਭੀਰ ਜ਼ਖਮੀ ਕਾਰ 'ਚ ਫਸੇ ਡਰਾਈਵਰ ਨੂੰ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ ਅਤੇ ਉਸ ਦੇ ਖੂਨ ਟੈਸਟ ਕੀਤਾ ਜਾਵੇਗਾ। 


ਪੁਲਸ ਨੇ ਅੱਗੇ ਦੱਸਿਆ ਕਿ ਡਰਾਈਵਰ ਨਸ਼ੇ 'ਚ ਸੀ ਅਤੇ ਕਾਰ ਤੋਂ ਆਪਣਾ ਕੰਟਰੋਲ ਗੁਆ ਬੈਠਾ। ਡਰਾਈਵਰ ਸਾਊਥ ਕੋਗੀ ਵਿਚ ਮਾਲਾਬਾਰ ਰੋਡ 'ਤੇ ਜਾ ਰਿਹਾ ਸੀ ਕਿ ਉਸ ਦੀ ਕਾਰ ਬੇਕਾਬੂ ਹੋ ਗਈ ਅਤੇ ਕਬਰਸਤਾਨ 'ਚ ਜਾ ਵੜੀ। ਇਸ ਹਾਦਸੇ ਮਗਰੋਂ ਪੁਲਸ ਇੰਸਪੈਕਟਰ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਲੋਕ ਸ਼ਰਾਬ ਪੀ ਕੇ ਗੱਡੀ ਨਾ ਚਲਾਉਣ, ਨਾ ਹੀ ਉਸ ਸਮੇਂ ਡਰਾਈਵ ਕਰਨ ਜਦੋਂ ਉਹ ਥੱਕੇ ਹੋਣ।