ਟੋਰਾਂਟੋ ਵੈਨ ਹਮਲੇ ਤੋਂ ਕੁਝ ਮਿੰਟ ਪਹਿਲਾਂ ਡਰਾਈਵਰ ਨੇ ਭੇਜਿਆ ਸੀ ਫੇਸਬੁੱਕ 'ਤੇ ਸੰਦੇਸ਼

04/25/2018 2:29:35 AM

ਟੋਰਾਂਟੋ— ਟੋਰਾਂਟੋ ਪੁਲਸ ਦਾ ਕਹਿਣਾ ਹੈ ਕਿ ਵੈਨ ਦੇ ਡਰਾਈਵਰ, ਜਿਸ ਨੇ ਫੁੱਟਪਾਥ 'ਤੇ ਪੈਦਲ ਚੱਲ ਰਹੇ ਕਈ ਲੋਕਾਂ ਨੂੰ ਦਰੜ ਦਿੱਤਾ ਸੀ, ਨੇ ਇਸ ਸਾਰੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਫੇਸਬੁੱਕ 'ਤੇ ਇਕ 'ਗੁਪਤ' ਸੰਦੇਸ਼ ਭੇਜਿਆ ਸੀ। ਇਸ ਦਰਦਨਾਕ ਹਾਦਸੇ 'ਚ 10 ਲੋਕਾਂ ਦੀ ਮੌਤ ਹੋ ਗਈ ਸੀ ਤੇ 15 ਹੋਰ ਲੋਕ ਜ਼ਖਮੀ ਹੋ ਗਏ ਹਨ।


ਟੋਰਾਂਟੋ ਪੁਲਸ ਸਰਵਿਸ ਸੀਨੀਅਰ ਪੁਲਸ ਅਧਿਕਾਰੀ ਗ੍ਰਾਹਮ ਗਿਬਸਨ ਦਾ ਕਹਿਣਾ ਹੈ ਕਿ ਉਸ ਨੂੰ ਹਮਲੇ ਦੇ ਸੰਭਾਵਿਤ ਮੰਤਵ ਬਾਰੇ ਚਰਚਾ ਕਰਨ ਤੋਂ ਮਨ੍ਹਾ ਕੀਤਾ ਗਿਆ ਹੈ ਕਿਉਂਕਿ ਮਾਮਲੇ 'ਚ ਸ਼ੱਕੀ ਐਲਕ ਮਿਨਸਿਨ 'ਤੇ ਦੋਸ਼ ਤੈਅ ਕੀਤੇ ਜਾ ਚੁੱਕੇ ਹਨ। ਮੰਗਲਵਾਰ ਨੂੰ ਕੈਨੇਡਾ ਦੇ ਇਕ ਜੱਜ ਨੇ ਕਿਹਾ ਕਿ 25 ਸਾਲਾਂ ਸ਼ੱਕੀ ਵਿਅਕਤੀ ਨੂੰ ਉੱਤਰੀ ਟੋਰਾਂਟੋ 'ਚ ਪੈਦਲ ਚੱਲਣ ਵਾਲੇ ਯਾਤਰੀਆਂ 'ਤੇ ਵੈਨ ਚੜਾਉਣ ਦਾ ਦੋਸ਼ੀ ਮੰਨਿਆ ਗਿਆ ਹੈ ਤੇ ਉਸ ਦੇ ਖਿਲਾਫ 10 ਫਸਟ ਡਿਗਰੀ ਕਤਲ ਤੇ 13 ਕਤਲ ਦੀ ਕੋਸ਼ਿਸ਼ ਦੇ ਮਾਮਲੇ ਦਰਜ ਕੀਤੇ ਗਏ ਹਨ। ਮੰਗਲਵਾਰ ਨੂੰ ਐਲਕ ਮਿਨਸਿਨ ਨੂੰ ਜੱਜ ਸਾਹਮਣੇ ਪੇਸ਼ ਕਰਨ ਤੋਂ ਪਹਿਲਾਂ ਉਸ 'ਤੇ ਲਾਏ ਚਾਰਜ ਬਾਰੇ ਜਾਣਕਾਰੀ ਦਿੱਤੀ ਗਈ। ਮਿਨਸਿਨ ਨੇ ਇਸ ਦੌਰਾਨ ਚਿੱਟੇ ਰੰਗ ਦਾ ਜੰਪਸੂਟ ਪਾਇਆ ਹੋਇਆ ਸੀ ਤੇ ਉਸ ਦੇ ਹੱਥਾਂ 'ਚ ਹੱਥਕੜੀਆਂ ਸਨ। ਉਸ ਦੇ ਚਿਹਰੇ 'ਚ ਇਸ ਦਰਦਨਾਕ ਘਟਨਾ ਨੂੰ ਲੈ ਕੇ ਕੋਈ ਵੀ ਭਾਵਨਾ ਨਹੀਂ ਸੀ।


ਜੱਜ ਸਾਹਮਣੇ ਪੇਸ਼ੀ ਦੌਰਾਨ ਉਸ ਨੂੰ ਆਪਣਾ ਨਾਂ ਦੱਸਣ ਲਈ ਕਿਹਾ ਗਿਆ ਤੇ ਇਹ ਵੀ ਕਿਹਾ ਗਿਆ ਕਿ ਕੀ ਉਹ ਉਸ 'ਤੇ ਲਾਏ ਸਾਰੇ ਦੋਸ਼ਾਂ ਨੂੰ ਸਮਝ ਗਿਆ ਹੈ। ਸ਼ੱਕੀ ਨੇ ਆਪਣੇ ਦੋਸ਼ਾਂ ਦੇ ਸਬੰਧ 'ਚ ਕੋਈ ਵੀ ਪਟੀਸ਼ਨ ਦਾਇਰ ਨਹੀਂ ਕੀਤੀ। ਉਸ ਨੂੰ 10 ਮਈ ਨੂੰ ਦੁਬਾਰਾ ਕੋਰਟ 'ਚ ਪੇਸ਼ ਹੋਣ ਦਾ ਹੁਕਮ ਸੁਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਦੁਪਹਿਰੇ ਕਰੀਬ 1:30 ਵਜੇ ਸ਼ੱਕੀ ਨੇ ਚਿੱਟੇ ਰੰਗ ਦੀ ਕਿਰਾਏ ਦੀ ਵੈਨ ਨਾਲ ਫਿੰਚ ਐਵੇਨਿਊ ਦੇ ਨੇੜੇ ਯੋਂਗ ਸਟ੍ਰੀਟ 'ਤੇ ਕਈ ਪੈਦਲ ਯਾਤਰੀਆਂ ਨੂੰ ਦਰੜ ਦਿੱਤਾ, ਜਿਸ ਕਾਰਨ ਘੱਟ ਤੋਂ ਘੱਟ 10 ਲੋਕਾਂ ਦੀ ਮੌਤ ਹੋ ਗਈ ਤੇ 15 ਹੋਰ ਲੋਕ ਇਸ ਹਾਦਸੇ 'ਚ ਜ਼ਖਮੀ ਹੋ ਗਏ। ਘਟਨਾ ਤੋਂ ਕੁਝ ਹੀ ਦੇਰ 'ਚ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।