ਟਰੰਪ ਨੇ ਸਾਊਦੀ ਅਰਬ ''ਚ ਫੌਜ ਦੀ ਤਾਇਨਾਤੀ ਲਈ ਦਿੱਤੀ ਮਨਜ਼ੂਰੀ

09/21/2019 1:40:39 PM

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਊਦੀ ਅਰਬ ਦੇ ਤੇਲ ਪਲਾਂਟਾਂ 'ਤੇ ਹੋਏ ਹਮਲੇ ਮਗਰੋਂ ਸਾਊਦੀ 'ਚ ਹੋਰ ਫੌਜ ਦੀ ਤਾਇਨਾਤੀ ਕਰਨ ਦੇ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰੱਖਿਆ ਸਕੱਤਰ ਮਾਰਕ ਇਸਪਰ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤੇ ਦੱਸਿਆ ਕਿ 14 ਸਤੰਬਰ ਨੂੰ ਸਾਊਦੀ ਅਰਬ ਦੇ ਤੇਲ ਪਲਾਂਟ ਅਰਾਮਕੋ 'ਤੇ ਹੋਏ ਹਮਲੇ ਮਗਰੋਂ ਟਰੰਪ ਨੇ ਸਾਊਦੀ ਤੇਲ ਪਲਾਟਾਂ 'ਤੇ ਕਿਸੇ ਵੀ ਤਰ੍ਹਾਂ ਦੇ ਹਮਲੇ ਨੂੰ ਰੋਕਣ ਲਈ ਫੌਜ ਅਤੇ ਹੋਰ ਹਥਿਆਰਾਂ ਦੀ ਤਾਇਨਾਤੀ ਦੀ ਮਨਜ਼ੂਰੀ ਦੇ ਦਿੱਤੀ ਹੈ।

ਇਸਪਰ ਨੇ ਕਿਹਾ,''ਸਾਊਦੀ ਅਰਬ ਦੀ ਅਪੀਲ ਮਗਰੋਂ ਟਰੰਪ ਨੇ ਅਮਰੀਕੀ ਫੌਜ ਦੀ ਤਾਇਨਾਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਸੀਂ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਅਮਰੀਕਾ ਆਪਣੇ ਸਾਂਝੀਦਾਰ ਦੇਸ਼ਾਂ ਦਾ ਪੂਰੀ ਤਰ੍ਹਾਂ ਸਮਰਥਨ ਕਰਦਾ ਹੈ। ਕੌਮਾਂਤਰੀ ਨਿਯਮਾਂ ਨੂੰ ਬਣਾਏ ਰੱਖਣ ਲਈ ਸਾਨੂੰ ਲੱਗਦਾ ਹੈ ਕਿ ਇਹ ਸਹੀ ਕਦਮ ਹੈ।'' ਅਮਰੀਕੀ ਸੰਯੁਕਤ ਮੁਖੀ ਜਨਰਲ ਜੋਸੇਫ ਡਨਫੋਡਰ ਨੇ ਹਾਲਾਂਕਿ ਕਿਹਾ ਹੈ ਕਿ ਰੱਖਿਆ ਵਿਭਾਗ ਨੇ ਫਿਲਹਾਲ ਸੁਰੱਖਿਆ ਫੌਜ ਦੀ ਤਾਇਨਾਤੀ ਦਾ ਫੈਸਲਾ ਨਹੀਂ ਲਿਆ ਅਤੇ ਇਸਪਰ ਨੂੰ ਜਲਦੀ ਇਸ 'ਤੇ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੁਰੱਖਿਆ ਫੌਜ ਦੀ ਗਿਣਤੀ ਹਜ਼ਾਰਾਂ 'ਚ ਨਹੀਂ ਹੋਵੇਗੀ।

ਜ਼ਿਕਰਯੋਗ ਹੈ ਕਿ 14 ਸਤੰਬਰ ਨੂੰ ਸਾਊਦੀ ਦੇ ਦੋ ਪੈਟਰੋਲੀਅਮ ਪਲਾਂਟਾਂ 'ਤੇ ਡਰੋਨ ਰਾਹੀਂ ਹਮਲਾ ਕੀਤਾ ਗਿਆ ਸੀ। ਸਾਊਦੀ ਹੌਤੀ ਵਿਦਰੋਹੀਆਂ ਖਿਲਾਫ ਲੜਾਈ 'ਚ ਯਮਨ ਨੂੰ ਹਵਾਈ ਮਦਦ ਮੁਹੱਈਆ ਕਰਵਾ ਰਿਹਾ ਹੈ ਜਿਸ ਕਾਰਨ ਸ਼ੁਰੂ 'ਚ ਮੰਨਿਆ ਜਾ ਰਿਹਾ ਸੀ ਕਿ ਇਹ ਹਮਲਾ ਹੌਤੀ ਵਿਦਰੋਹੀਆਂ ਨੇ ਕੀਤਾ ਹੈ। ਅਮਰੀਕਾ ਹਾਲਾਂਕਿ ਲਗਾਤਾਰ ਇਸ ਦੇ ਪਿੱਛੇ ਈਰਾਨਦਾ ਹੱਥ ਹੋਣ ਦੀ ਗੱਲ ਕਰ ਰਿਹਾ ਹੈ। ਉੁੱਥੇ ਹੀ ਈਰਾਨ ਨੇ ਅਮਰੀਕਾ ਦੇ ਸਾਰੇ ਦੋਸ਼ਾਂ ਦਾ ਖੰਡਨ ਕਰ ਕੇ ਹਮਲੇ 'ਚ ਸ਼ਾਮਲ ਹੋਣ ਤੋਂ ਇਨਕਾਰ ਕਰ ਰਿਹਾ ਹੈ।