ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਹੋਏ ਡੋਨਾਲਡ ਟਰੰਪ

09/09/2020 6:31:54 PM

ਵਾਸ਼ਿੰਗਟਨ (ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ 2021 ਦੇ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ।ਇਜ਼ਰਾਈਲ ਅਤੇ ਯੂ.ਏ.ਈ. ਵਿਚ ਇਤਿਹਾਸਿਕ ਸ਼ਾਂਤੀ ਵਾਰਤਾ ਕਰਵਾਉਣ ਲਈ ਡੋਨਾਲਡ ਟਰੰਪ ਨੂੰ ਨਾਮਜ਼ਦ ਕੀਤਾ ਗਿਆ ਹੈ।ਅਮਰੀਕੀ ਮੀਡੀਆ ਦੇ ਮੁਤਾਬਕ, ਨਾਰਵੇ ਸੰਸਦ ਦੇ ਕ੍ਰਿਸ਼ਚੀਅਨ ਤਾਇਬ੍ਰਿੰਗ ਵੱਲੋਂ ਟਰੰਪ ਨੂੰ ਇਸ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ।ਇਹਨਾਂ ਵੱਲੋਂ ਲਗਾਤਾਰ ਡੋਨਾਲਡ ਟਰੰਪ ਦੀ ਤਾਰੀਫ ਕੀਤੀ ਗਈ ਸੀ। ਦਾਅਵਾ ਕੀਤਾ ਗਿਆ ਕਿ ਟਰੰਪ ਨੇ ਦੁਨੀਆ ਵਿਚ ਸ਼ਾਂਤੀ ਸਥਾਪਿਤ ਕਰਨ ਲਈ ਕਾਫੀ ਕੋਸ਼ਿਸ਼ਾਂ ਕੀਤੀਆਂ।

 

ਫੌਕਸ ਨਿਊਜ਼ ਦੇ ਮੁਤਾਬਕ, ਟਾਇਬ੍ਰਿੰਗ ਨੇ ਕਿਹਾ ਕਿ ਟਰੰਪ ਨੇ ਦੋ ਦੇਸ਼ਾਂ ਵਿਚ ਚੱਲ ਰਹੀ ਲੰਬੀ ਦੁਸ਼ਮਣੀ ਨੂੰ ਖਤਮ ਕਰਵਾਇਆ ਹੈ ਜੋ ਕਿਸੇਵੀ ਤਰ੍ਹਾਂ ਦੇ ਸ਼ਾਂਤੀ ਪੁਰਸਕਾਰ ਲਈ ਕਾਫੀ ਹੈ।ਕ੍ਰਿਸ਼ਚੀਅਨ ਤਾਇਬ੍ਰਿੰਗ ਨਾਰਵੇ ਦੀ ਸੰਸਦ ਵਿਚ ਚਾਰ ਵਾਰ ਤੋਂ ਮੈਂਬਰ ਹਨ ਅਤੇ ਨਾਟੋ ਦੀ ਸੰਸਦੀ ਅਸੈਂਬਲੀ ਦਾ ਵੀ ਹਿੱਸਾ ਹਨ। ਇੰਨਾ ਹੀ ਨਹੀਂ ਤਾਇਬ੍ਰਿੰਗ ਨੇ ਦਾਅਵਾ ਕੀਤਾ ਕਿ ਟਰੰਪ ਨੇ ਭਾਰਤ ਅਤੇ ਪਾਕਿਸਤਾਨ ਦੇ ਵਿਚ ਜੰਮੂ-ਕਸ਼ਮੀਰ ਸਬੰਧੀ ਵਿਵਾਦ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ। ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਦੇ ਵਿਚ ਦੁਸ਼ਮਣੀ ਖਤਮ ਕਰਨ ਅਤੇ ਉੱਤਰੀ ਕੋਰੀਆ ਦੇ ਵੱਲੋਂ ਪਰਮਾਣੂ ਹਥਿਆਰਾਂ ਦੇ ਮਾਮਲੇ ਨੂੰ ਸੁਲਝਾਉਣ ਦਾ ਕੰਮ ਕੀਤਾ ਹੈ। 

ਗੌਰਤਲਬ ਹੈ ਕਿ ਇਸੇ ਸਾਲ ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੀ ਚੋਣਾਂ ਹੋਣੀਆਂ ਹਨ। ਅਜਿਹੇ ਵਿਚ ਇਸ ਨਾਮਜ਼ਦਗੀ ਨਾਲ ਉਹਨਾਂ ਨੂੰ ਚੋਣਾਂ ਵਿਚ ਫਾਇਦਾ ਹੋ ਸਕਦਾ ਹੈ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਵੀ ਨੋਬਲ ਦੇ ਸ਼ਾਂਤੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਭਾਵੇਂਕਿ ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਟਰੰਪ ਨੂੰ ਇਸ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੋਵੇ, 2018 ਵਿਚ ਵੀ ਕਿਮ ਜੋਂਗ ਉਨ ਦੇ ਨਾਲ ਸੰਮੇਲਨ ਕਰਨ 'ਤੇ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਭਾਵੇਂਕਿ ਉਦੋਂ ਟਰੰਪ ਨੂੰ ਇਹ ਸਨਮਾਨ ਨਹੀਂ ਮਿਲਿਆ ਸੀ।


Vandana

Content Editor

Related News