ਹੇਲਸਿੰਕੀ ਸਿਖਰ ਵਾਰਤਾ: ਟਰੰਪ ਨੇ ਕਿਹਾ- 'ਦੁਨੀਆ ਸਾਨੂੰ ਇਕੱਠੇ ਦੇਖਣਾ ਚਾਹੁੰਦੀ ਹੈ'

07/16/2018 6:15:54 PM

ਹੇਲਸਿੰਕੀ (ਏਜੰਸੀ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਾਲੇ ਫਿਨਲੈਂਡ ਦੀ ਰਾਜਧਾਨੀ ਹੇਲਸਿੰਕੀ 'ਚ ਮੁਲਾਕਾਤ ਹੋਈ। ਦੋਹਾਂ ਨੇਤਾਵਾਂ ਨੇ ਗਰਮਜੋਸ਼ੀ ਨਾਲ ਹੱਥ ਮਿਲਾਇਆ ਅਤੇ ਟਰੰਪ ਨੇ ਕਿਹਾ ਕਿ ਪੁਤਿਨ ਨਾਲ ਮਿਲ ਕੇ ਉਨ੍ਹਾਂ ਨੂੰ ਕਾਫੀ ਚੰਗਾ ਲੱਗ ਰਿਹਾ ਹੈ। ਟਰੰਪ ਨੇ ਪੁਤਿਨ ਨੂੰ ਕਿਹਾ ਕਿ ਸੱਚ-ਮੁੱਚ ਮੈਂ ਸੋਚਦਾ ਹਾਂ ਕਿ ਦੁਨੀਆ ਸਾਨੂੰ ਇਕੱਠੇ ਦੇਖਣਾ ਚਾਹੁੰਦੀ ਹੈ। ਟਰੰਪ ਨੇ ਅੱਗੇ ਕਿਹਾ ਕਿ ਰੂਸ ਅਤੇ ਅਮਰੀਕਾ ਦੋਹਾਂ ਕੋਲ ਕਈ ਮੌਕੇ ਹਨ, ਦੋਵੇਂ ਇਕੱਠੇ ਕੰਮ ਕਰ ਸਕਦੇ ਹਨ। ਪਿਛਲੇ ਕੁਝ ਸਾਲਾਂ ਤੋਂ ਅਮਰੀਕਾ ਅਤੇ ਰੂਸ ਦੇ ਰਿਸ਼ਤੇ ਠੀਕ ਨਹੀਂ ਰਹੇ ਪਰ ਆਉਣ ਵਾਲੇ ਸਮੇਂ 'ਚ ਦੋਹਾਂ ਦੇਸ਼ਾਂ ਵਿਚਾਲੇ ਅਸਾਧਾਰਣ ਰਿਸ਼ਤਿਆਂ ਦੀ ਸ਼ੁਰੂਆਤ ਹੋਣ ਵਾਲੀ ਹੈ।
ਓਧਰ ਪੁਤਿਨ ਨੇ ਕਿਹਾ ਕਿ ਦੁਨੀਆ ਭਰ ਵਿਚ ਵਿਵਾਦਾਂ ਦਾ ਹੱਲ ਸਮੇਂ ਦੀ ਲੋੜ ਹੈ। ਸਾਡੇ ਸੰਬੰਧਾਂ ਅਤੇ ਦੁਨੀਆ ਦੀਆਂ ਸਮੱਸਿਆਵਾਂ ਨੂੰ ਲੈ ਕੇ ਇਕ ਮਜ਼ਬੂਤ ਤਰੀਕੇ ਨਾਲ ਗੱਲ ਕਰਨ ਦਾ ਸਮਾਂ ਆ ਗਿਆ ਹੈ। ਗੰਭੀਰ ਨਜ਼ਰ ਆਏ ਦੋਹਾਂ ਨੇਤਾਵਾਂ ਨੇ ਸਿਖਰ ਵਾਰਤਾ ਦੀ ਸ਼ੁਰੂਆਤ 'ਤੇ ਪੱਤਰਕਾਰਾਂ ਦੇ ਸਾਹਮਣੇ ਇਹ ਟਿੱਪਣੀਆਂ ਕੀਤੀਆਂ।