ਟਰੰਪ ਪ੍ਰਸ਼ਾਸਨ ਦਾ ਸਖਤ ਫਰਮਾਨ, ਇਹਨਾਂ ਦੇਸ਼ਾਂ 'ਤੇ ਵੀਜ਼ਾ ਪਾਬੰਦੀ ਲਾਏਗਾ ਅਮਰੀਕਾ

04/11/2020 1:36:18 PM

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਘਾਤਕ ਕੋਰੋਨਾਵਾਇਰਸ ਮਹਾਮਾਰੀ ਦੇ ਵਿਚਾਲੇ ਅਮਰੀਕਾ ਵਿਚ ਮੌਜੂਦ ਵਿਦੇਸ਼ੀ ਨਾਗਰਿਕਾਂ ਨੂੰ ਸਵਦੇਸ਼ ਵਾਪਸੀ ਦੀ ਆਗਿਆ ਨਾ ਦੇਣ ਜਾਂ ਇਸ ਵਿਚ ਗਲਤ ਤਰੀਕੇ ਨਾਲ ਦੇਰੀ ਕਰਨ ਵਾਲੇ ਦੇਸ਼ਾਂ ਦੇ ਖਿਲਾਫ ਵੀਜ਼ਾ ਪਾਬੰਦੀ ਲਾਉਣ ਸਬੰਧੀ ਇਕ ਸਰਕਾਰੀ ਹੁਕਮ 'ਤੇ ਦਸਤਖਤ ਕੀਤੇ ਹਨ।

ਟਰੰਪ ਨੇ ਸ਼ੁੱਕਰਵਾਰ ਦੇਰ ਰਾਤ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਕੋਰੋਨਾਵਾਇਰਸ ਮਹਾਮਾਰੀ ਦੇ ਵਿਚਾਲੇ ਜਿਸ ਵੀ ਦੇਸ਼ ਨੇ ਅਮਰੀਕਾ ਤੋਂ ਆਪਣੇ ਨਾਗਰਿਕਾਂ ਨੂੰ ਸਵਦੇਸ਼ ਵਾਪਸੀ ਦੀ ਆਗਿਆ ਨਾ ਦਿੱਤੀ ਜਾਂ ਗਲਤ ਢੰਗ ਨਾਲ ਦੇਰੀ ਕੀਤੀ, ਅਮਰੀਕਾ ਉਹਨਾਂ 'ਤੇ ਵੀਜ਼ਾ ਪਾਬੰਦੀ ਲਾਏਗਾ। ਇਹਨਾਂ ਦੇਸ਼ਾਂ ਨੇ ਅਮਰੀਕੀ ਲੋਕਾਂ ਦੇ ਲਈ ਸਿਹਤ ਸਬੰਧੀ ਖਤਰੇ ਹੋਰ ਵਧਾ ਦਿੱਤੇ ਹਨ। ਅਮਰੀਕਾ ਦੇਸ਼ ਦੇ ਕਾਨੂੰਨ ਦਾ ਉਲੰਘਣ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਵਾਪਸ ਘੱਲਣ ਵਿਚ ਸਮਰਥ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਵਿਦੇਸ਼ ਮੰਤਰੀ ਜਲਦੀ ਤੋਂ ਜਲਦੀ ਤੇ ਜ਼ਿਆਦਾ ਤੋਂ ਜ਼ਿਆਦਾ 7 ਦਿਨਾਂ ਦੇ ਅੰਦਰ ਪਰਵਾਸ ਤੇ ਨਾਗਰਿਕਤਾ ਕਾਨੂੰਨ ਦੀ ਧਾਰਾ 234(ਡੀ) ਦੇ ਤਹਿਤ ਵੀਜ਼ਾ ਪਾਬੰਦੀ ਲਾਉਣ ਦੇ ਲਈ ਇਕ ਯੋਜਨਾ ਤਿਆਰ ਕਰਨ।

ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਦੀ ਮਾਰ ਝੱਲ ਰਿਹਾ ਅਮਰੀਕਾ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਬਣ ਗਿਆ ਹੈ, ਜਿੱਥੇ 24 ਘੰਟਿਆਂ ਦੌਰਾਨ 2000 ਤੋਂ ਵਧ ਲੋਕ ਜਾਨਾਂ ਗੁਆ ਚੁੱਕੇ ਹਨ। ਜਾਨ ਹਾਕਿਨਗਸ ਯੂਨੀਵਰਸਿਟੀ ਮੁਤਾਬਕ ਬੀਤੇ 24 ਘੰਟਿਆਂ ਵਿਚ ਕੋਰੋਨਾਵਾਇਰਸ ਕਾਰਣ ਯੂ.ਐੱਸ.ਏ. ਵਿਚ 2,108 ਲੋਕਾਂ ਦੀ ਮੌਤ ਹੋਈ ਹੈ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 18,693 ਹੋ ਚੁੱਕੀ ਹੈ। ਅਮਰੀਕਾ ਵਿਚ ਵਾਇਰਸ ਪੀੜਤਾਂ ਦੀ ਗਿਣਤੀ 5 ਲੱਖ ਪਾਰ ਹੋ ਗਈ ਹੈ।

Baljit Singh

This news is Content Editor Baljit Singh