ਡੋਨਾਲਡ ਟਰੰਪ ਦੇ ਸਲਾਹਕਾਰ ਰੋਜ਼ਰ ਸਟੋਨ ਨੂੰ 40 ਮਹੀਨਿਆਂ ਦੀ ਜੇਲ

02/21/2020 1:50:48 AM

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਲੰਬੇ ਸਮੇਂ ਤੋਂ ਸਹਿਯੋਗੀ ਅਤੇ ਸਲਾਹਕਾਰ ਰੋਜ਼ਰ ਸਟੋਨ ਨੂੰ 40 ਮਹੀਨੇ ਲਈ ਜੇਲ ਦੀ ਸਜ਼ਾ ਸੁਣਾਈ ਗਈ ਹੈ। 67 ਸਾਲਾ ਸਟੋਨ ਨੂੰ ਅਮਰੀਕੀ ਸੰਸਦ ਤੋਂ 7 ਮੌਕਿਆਂ 'ਤੇ ਝੂਠ ਬੋਲਣ, ਕੰਮ ਵਿਚ ਅਡ਼ਿੱਕਾ ਪਾਉਣ ਅਤੇ ਗਵਾਹਾਂ ਨੂੰ ਗੁਮਰਾਹ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਸਟੋਨ ਟਰੰਪ ਦੇ ਅਜਿਹੇ 6ਵੇਂ ਸਹਿਯੋਗੀ ਹਨ, ਜਿਨ੍ਹਾਂ ਨੂੰ ਰਾਬਰਟ ਮੁਲਰ ਦੀ ਜਾਂਚ ਵਿਚ ਦੋਸ਼ੀ ਪਾਇਆ ਗਿਆ ਹੈ। ਇਹ ਜਾਂਚ ਸਾਲ 2016 ਵਿਚ ਅਮਰੀਕੀ ਰਾਸ਼ਟਰਪਤੀ ਚੋਣ ਅਭਿਆਨ ਵਿਚ ਟਰੰਪ ਅਤੇ ਰੂਸ ਵਿਚਾਲੇ ਕਥਿਤ ਮਿਲੀ ਭੁਗਤ ਨਾਲ ਜੁਡ਼ੀ ਹੈ। ਟਰੰਪ ਨੇ ਸੰਕੇਤ ਦਿੱਤਾ ਕਿ ਉਹ ਆਪਣੇ ਸਹਿਯੋਗੀ ਨੂੰ ਮੁਆਫ ਕਰ ਸਕਦੇ ਹਨ। ਉਥੇ ਸਟੋਨ ਲਗਾਤਾਰ ਇਹ ਆਖ ਰਹੇ ਹਨ ਕਿ ਉਨ੍ਹਾਂ ਖਿਲਾਫ ਇਹ ਮਾਮਲਾ ਸਿਆਸੀ ਸਾਜਿਸ਼ ਦੇ ਤਹਿਤ ਚਲਾਇਆ ਜਾ ਰਿਹਾ ਹੈ। ਸਟੋਨ ਨੂੰ ਸਜ਼ਾ ਸੁਣਾਉਂਦੇ ਹੋਏ ਜੱਜ ਐਮੀ ਬਰਮਨ ਜੈਕਸਨ ਨੇ ਆਖਿਆ ਹੈ ਕਿ ਉਨ੍ਹਾਂ ਦਾ ਰਵੱਈਆ ਧਮਕਾਉਣ ਵਾਲਾ ਅਤੇ ਡਰਾਉਣਾ ਸੀ।

ਅਭਿਯੋਜਨ ਪੱਖ ਪਿਛਲੇ ਹਫਤੇ ਉਸ ਸਮੇਂ ਇਸ ਮੁਕੱਦਮੇ ਤੋਂ ਅਲੱਗ ਹੋ ਗਿਆ ਸੀ ਜਦ ਅਮਰੀਕਾ ਦੇ ਨਿਆਂ ਮੰਤਰਾਲੇ ਨੇ ਸਟੋਨ ਦੀ ਜੇਲ ਦੀ ਸਜ਼ਾ ਦੀ ਮਿਆਦ ਘਟਾਉਣ ਦੀ ਯੋਜਨਾ ਦੇ ਬਾਰੇ ਵਿਚ ਦੱਸਿਆ। ਅਭਿਯੋਜਨ ਪੱਖ ਨੇ ਸਟੋਨ ਲਈ 9 ਸਾਲ ਜੇਲ ਦੀ ਸਜ਼ਾ ਦੀ ਮੰਗ ਕੀਤੀ ਸੀ ਅਤੇ ਰਾਸ਼ਟਰਪਤੀ ਟਰੰਪ ਨੇ ਇਸ ਮੰਗ ਨੂੰ ਬੇਹੱਦ ਡਰਾਉਣਾ ਅਤੇ ਨਾ-ਇਨਸਾਫੀ ਦੱਸਿਆ ਸੀ। ਅਦਾਲਤ ਨੇ ਆਖਿਆ ਕਿ ਸਟੋਨ ਨੇ ਕਈ ਵਾਰ ਝੂਠ ਬੋਲਿਆ। ਉਨ੍ਹਾਂ ਨੇ ਟਰੰਪ ਦੇ ਚੋਣ ਪ੍ਰਚਾਰ ਅਧਿਕਾਰੀਆਂ ਨਾਲ ਹੋਈ ਆਪਣੀ ਗੱਲਬਾਤ ਦੇ ਬਾਰੇ ਲੁਕਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਕੁਝ ਈ-ਮੇਲ ਅਤੇ ਟੈਕਸਟ ਮੈਸੇਜ ਦੀ ਜਾਣਕਾਰੀ ਵੀ ਲੁਕਾਈ। ਵਾਸ਼ਿੰਗਟਨ ਦੀ ਇਕ ਅਦਾਲਤ ਵਿਚ ਫੈਸਲਾ ਸੁਣਾਉਂਦੇ ਹੋਏ ਜੱਜ ਜੈਕਸਨ ਨੇ ਆਖਿਆ ਕਿ ਸਟੋਨ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਉਹ ਕੀ ਕਰ ਰਹੇ ਸਨ। ਸਟੋਨ ਨੇ ਪਿਛਲੇ ਸਾਲ ਸੋਸ਼ਲ ਮੀਡੀਆ 'ਤੇ ਜੱਜ ਦੀ ਇਕ ਤਸਵੀਰ ਪੋਸਟ ਕੀਤੀ ਸੀ, ਜਿਸ ਉਪਰ ਇਕ ਬੰਦੂਕ ਸੀ। ਉਨ੍ਹਾਂ ਨੇ ਅਦਾਲਤ ਦੀ ਕਾਰਵਾਈ ਨੂੰ ਦਿਖਾਵੇ ਦਾ ਮੁਕੱਦਮਾ ਦੱਸਿਆ ਸੀ। ਜੱਜ ਨੇ ਆਖਿਆ ਇਨਸਾਫ ਦੇ ਨਿਯਮ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਅਦਾਲਤ ਇਹ ਸਭ ਦੇਖ ਕੇ ਹੱਥ 'ਤੇ ਹੱਥ ਧਰੇ ਨਹੀਂ ਬੈਠ ਸਕਦੀ ਅਤੇ ਨਾ ਹੀ ਇਹ ਮੰਨ ਸਕਦੀ ਹੈ ਕਿ ਰੋਜ਼ਰ ਅਜਿਹੇ ਹੀ ਹਨ।

ਸਟੋਨ ਨੇ ਵੀਰਵਾਰ ਦੀ ਇਸ ਸੁਣਵਾਈ ਦੇ ਬਾਰੇ ਵਿਚ ਖੁਦ ਕੁਝ ਬੋਲਣ ਤੋਂ ਇਨਕਾਰ ਕਰ ਦਿੱਤਾ ਪਰ ਉਨ੍ਹਾਂ ਦੇ ਵਕੀਲ ਗਿੰਸਬਰਗ ਨੇ ਆਖਿਆ ਕਿ ਉਨ੍ਹਾਂ ਨੂੰ ਇੰਨੀ ਸਖਤ ਸਜ਼ਾ ਨਹੀਂ ਮਿਲਣੀ ਚਾਹੀਦੀ ਸੀ। ਗਿੰਸਬਰਗ ਨੇ ਆਖਿਆ ਕਿ ਸਟੋਨ ਅਤੇ ਪਰਿਵਾਰਕ ਅਤੇ ਅਧਿਆਤਮਕ ਵਿਅਕਤੀ ਹਨ ਪਰ ਲੋਕਾਂ ਦੇ ਮਨ ਵਿਚ ਉਨ੍ਹਾਂ ਦਾ ਅਕਸ ਕਿਸੇ ਚਾਲਬਾਜ਼ ਵਿਅਕਤੀ ਜਿਹਾ ਬਣਾ ਦਿੱਤਾ ਗਿਆ ਹੈ। 40 ਮਹੀਨੇ ਜੇਲ ਦੀ ਸਜ਼ਾ ਤੋਂ ਬਾਅਦ ਸਟੋਨ 'ਤੇ 2 ਸਾਲ ਤੱਕ ਨਿਗਰਾਨੀ ਵਿਚ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ 'ਤੇ 20 ਹਜ਼ਾਰ ਡਾਲਰ (ਕਰੀਬ 14 ਲੱਖ ਰੁਪਏ) ਦਾ ਜ਼ੁਰਮਾਨਾ ਵੀ ਲਗਾਇਆ ਗਿਆ ਹੈ। ਇਕ ਸਿਆਸੀ ਰਣਨੀਤੀਕਾਰ ਦੇ ਤੌਰ 'ਤੇ ਰੋਜ਼ਰ ਸਟੋਨ 1970 ਤੋਂ ਰਿਪਬਲਿਕਨ ਪਾਰਟੀ ਲਈ ਕੰਮ ਕਰਦੇ ਆਏ ਹਨ। ਇਥੋਂ ਤੱਕ ਕਿ ਉਨ੍ਹਾਂ ਦੀ ਪਿੱਠ 'ਤੇ ਅਮਰੀਕਾ ਦਾ ਸਾਬਕਾ ਰਾਸ਼ਟਰਪਤੀ ਰਿਚਰਡ ਨਿਕਸਨ ਦੇ ਨਾਂ ਦਾ ਟੈਟੂ ਵੀ ਬਣਿਆ ਹੋਇਆ ਹੈ। 1990 ਵਿਚ ਸਟੋਨ ਨੇ ਟਰੰਪ ਦੇ ਕਸੀਨੋ ਬਿਜਨੈੱਸ ਲਈ ਲਾਬਿੰਗ ਕੀਤੀ ਸੀ। ਨੈੱਟਫਲਿਕਸ ਦੀ ਡਾਕਿਊਮੈਂਟਰੀ ਗੈੱਟ ਮੀ ਰੋਜ਼ਰ ਸਟੋਨ ਮੁਤਾਬਕ ਸਟੋਨ ਨੇ ਹੀ ਟਰੰਪ ਨੂੰ ਰਾਸ਼ਟਰਪਤੀ ਚੋਣਾਂ ਲੱਡ਼ਣ ਦੀ ਸਲਾਹ ਦਿੱਤੀ ਸੀ।

Khushdeep Jassi

This news is Content Editor Khushdeep Jassi