ਇਨਸਾਨ ਦੇ ਹੱਸਦੇ ਚਿਹਰਿਆਂ ਵੱਲ ਆਕਰਸ਼ਿਤ ਹੁੰਦੇ ਹਨ ਕੁੱਤੇ: ਅਧਿਐਨ

11/21/2017 3:49:51 PM

ਲੰਡਨ(ਭਾਸ਼ਾ)— ਨਵੇਂ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਕੁੱਤੇ ਇਨਸਾਨ ਦੇ ਹੱਸਦੇ ਚਿਹਰਿਆਂ ਵੱਲ ਜਲਦੀ ਆਕਰਸ਼ਿਤ ਹੁੰਦੇ ਹਨ। ਅਜਿਹਾ ਦਰਅਸਲ ਆਕਸੀਟੋਸਿਨ ਹਾਰਮੋਨ ਦੀ ਵਜ੍ਹਾ ਨਾਲ ਹੁੰਦਾ ਹੈ, ਜੋ ਸਨੇਹ ਅਤੇ ਵਿਸ਼ਵਾਸ ਨਾਲ ਸਬੰਧਤ ਹੈ। ਫਿਨਲੈਂਡ ਦੀ ਯੂਨੀਵਰਸਿਟੀ ਆਫ ਹੇਲਸਿੰਕੀ ਦੇ ਸਨੀ ਸੋਮੱਪੀ ਦਾ ਕਹਿਣਾ ਹੈ, ਅਜਿਹਾ ਲੱਗਦਾ ਹੈ ਕਿ ਕੁੱਤੇ ਜੋ ਦੇਖਦੇ ਹਨ ਅਤੇ ਦੇਖੀ ਹੋਈਆਂ ਚੀਜ਼ਾਂ 'ਤੇ ਉਹ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹਨ, ਦੋਵਾਂ ਗੱਲਾਂ ਨੂੰ ਆਕਸੀਟੋਸਿਨ ਪ੍ਰਭਾਵਿਤ ਕਰਦਾ ਹੈ। ਇਹ ਅਧਿਐਨ ਫਰੰਟੀਅਰ ਇਨ ਸਾਈਕੋਲਾਜੀ ਜਰਨਲ ਵਿਚ ਪ੍ਰਕਾਸ਼ਿਤ ਹੋਇਆ ਹੈ। ਅਧਿਐਨ ਦੌਰਾਨ 43 ਕੁੱਤਿਆਂ ਨੂੰ ਹੱਸਦੇ ਅਤੇ ਗੁੱਸੇ ਵਾਲੇ ਚਿਹਰੇ ਕੰਪਿਊਟਰ ਸਕਰੀਨ 'ਤੇ ਦਿਖਾਏ ਗਏ। ਹਰ ਕੁੱਤੇ ਦਾ 2 ਵਾਰ ਪ੍ਰੀਖਣ ਕੀਤਾ ਗਿਆ। ਇਕ ਆਕਸੀਟੋਸਿਨ ਦੇ ਪ੍ਰਭਾਵ ਵਿਚ ਅਤੇ ਦੂਜੀ ਵਾਰ ਬਿਨਾਂ ਆਕਸੀਟੋਸਿਨ ਦੇ ਪ੍ਰਭਾਵ ਵਿਚ। ਕੁੱਤਿਆਂ ਨੇ ਤਸਵੀਰਾਂ ਨੂੰ ਧਿਆਨ ਨਾਲ ਦੇਖਿਆ ਅਤੇ ਉਨ੍ਹਾਂ ਦੀਆਂ ਅੱਖਾਂ ਦੀ ਪੁਤਲੀਆਂ ਦੇ ਆਕਾਰ ਨੂੰ 'ਆਈ ਟ੍ਰੈਕਿੰਗ' ਉਪਕਰਨ ਨਾਲ ਮਾਪਿਆ ਗਿਆ। ਤਸਵੀਰਾਂ ਨੂੰ ਧਿਆਨ ਨਾਲ ਦੇਖਣ ਦੌਰਾਨ ਉਨ੍ਹਾਂ ਦੀਆਂ ਭਾਵਨਾਵਾਂ ਅਤੇ ਅੱਖਾਂ ਦੀ ਪੁਤਲੀ ਵਿਚ ਫਰਕ ਆਇਆ, ਜਿਸ ਨਾਲ ਆਈ ਟ੍ਰੈਕਿੰਗ ਉਪਕਰਨ ਕੁੱਤਿਆਂ ਦੇ ਦਿਮਾਗ ਵਿਚ ਚੱਲ ਰਹੀਆਂ ਗਤੀਵਿਧੀਆਂ ਦਾ ਮੁਲਾਂਕਣ ਕਰ ਸਕਿਆ। ਸੰਕਟ ਨੂੰ ਤੇਜ਼ੀ ਨਾਲ ਪਛਾਨਣਾ ਅਤੇ ਪਤਾ ਲਗਾਉਣਾ ਜਿਊਣ ਲਈ ਅਹਿਮ ਹੈ। ਕੁੱਤਿਆਂ ਨੇ ਆਕਸੀਟੋਸਿਨ ਦੇ ਪ੍ਰਭਾਵ ਵਿਚ ਗੁੱਸੇ ਵਾਲੇ ਚਿਹਰਿਆਂ ਦੇ ਬਜਾਏ ਹੱਸਦੇ ਚਿਹਰਿਆਂ 'ਤੇ ਜ਼ਿਆਦਾ ਧਿਆਨ ਦਿੱਤਾ। ਇਸ ਤੋਂ ਇਲਾਵਾ ਆਕਸੀਟੋਸਿਨ ਨੇ ਕੁੱਤਿਆਂ ਦੀਆਂ ਭਾਵਨਾਵਾਂ ਦੀ ਸਥਿਤੀ ਨੂੰ ਵੀ ਪ੍ਰਭਾਵਿਤ ਕੀਤਾ ਜੋ ਪੁਤਲੀਆਂ ਦੇ ਆਕਾਰ ਤੋਂ ਸਪਸ਼ਟ ਸੀ।