ਪਾਕਿਸਤਾਨ ਦੀਆਂ ਨਾਪਾਕ ਹਰਕਤਾਂ 'ਤੇ ਭੜਕਿਆ ਡੋਗਰਾ ਸਮਾਜ, ਲੰਡਨ 'ਚ ਵਿਰੋਧ ਪ੍ਰਦਰਸ਼ਨ

05/26/2018 6:39:43 PM

ਲੰਡਨ— ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਵਿਰੁੱਧ ਭਾਰਤ ਹੀ ਨਹੀਂ ਸਗੋਂ ਕਿ ਵਿਦੇਸ਼ਾਂ 'ਚ ਵੀ ਆਵਾਜ਼ ਬੁਲੰਦ ਹੋ ਰਹੀ ਹੈ। ਦੱਸਣਯੋਗ ਹੈ ਕਿ ਪਾਕਿਸਤਾਨ ਵਲੋਂ ਲਗਾਤਾਰ ਕੀਤੀ ਜਾ ਰਹੀ ਜੰਗਬੰਦੀ ਦੀ ਉਲੰਘਣਾ ਵੱਡੀ ਸਿਰਦਰਦੀ ਬਣੀ ਹੋਈ ਹੈ। ਜੰਮੂ-ਕਸ਼ਮੀਰ ਨਾਲ ਜੁੜੇ ਡੋਗਰਾ ਭਾਈਚਾਰੇ ਦੇ ਲੋਕਾਂ ਨੇ ਲਗਾਤਾਰ ਜੰਗਬੰਦੀ ਦਾ ਉਲੰਘਣ ਨੂੰ ਲੈ ਕੇ ਲੰਡਨ 'ਚ ਵਿਰੋਧ ਪ੍ਰਦਰਸ਼ਨ ਕੀਤਾ ਹੈ। ਇਹ ਵਿਰੋਧ ਪ੍ਰਦਰਸ਼ਨ ਲੰਡਨ ਸਥਿਤ ਪਾਕਿਸਤਾਨ ਹਾਈ ਕਮਿਸ਼ਨਰ ਦੇ ਸਾਹਮਣੇ ਕੀਤਾ ਗਿਆ। ਪਾਕਿਸਤਾਨ ਵਲੋਂ ਲਗਾਤਾਰ ਜੰਗਬੰਦੀ ਦਾ ਉਲੰਘਣ ਕਰਨ ਕਾਰਨ ਜੰਮੂ-ਕਸ਼ਮੀਰ ਵਿਚ ਸਰਹੱਦ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਦੀ ਜਿਊਣਾ ਮੁਸ਼ਕਲ ਹੋ ਗਿਆ ਹੈ। ਪਾਕਿਸਤਾਨ ਵਲੋਂ ਲਗਾਤਾਰ ਦਾਗੇ ਜਾ ਰਹੇ ਮੋਰਟਾਰ ਕਾਰਨ ਜਨ-ਜੀਵਨ ਦੇ ਨਾਲ-ਨਾਲ ਘਰਾਂ ਨੂੰ ਵੀ ਨੁਕਸਾਨ ਹੋ ਰਿਹਾ ਹੈ। ਇਸ ਵਿਰੋਧ 'ਚ ਡੋਗਰਾ ਭਾਈਚਾਰੇ ਦੇ ਲੋਕਾਂ ਨੇ ਪਾਕਿਸਤਾਨ ਵਿਰੁੱਧ ਮੋਰਚਾ ਖੋਲ੍ਹਿਆ ਹੈ।


ਪ੍ਰਦਰਸ਼ਨਕਾਰੀਆਂ ਨੇ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਪਾਕਿਸਤਾਨ ਵਲੋਂ ਕੀਤੀ ਗਈ ਫਾਇਰਿੰਗ 'ਚ ਮਾਰੇ ਗਏ 8 ਮਹੀਨੇ ਦੇ ਬੱਚੇ ਨਿਤਿਨ ਅਤੇ 8 ਸਾਲ ਦੀ ਬੱਚੀ ਕ੍ਰਿਸ਼ਨਾ ਦੀ ਮੌਤ 'ਤੇ ਚਾਨਣਾ ਪਾਇਆ। ਜ਼ਿਕਰਯੋਗ ਹੈ ਕਿ ਪਾਕਿਸਤਾਨ ਲਗਾਤਾਰ ਜੰਗਬੰਦੀ ਉਲੰਘਣ ਕਰ ਰਿਹਾ ਹੈ, ਜਿਸ ਕਾਰਨ ਸਰਹੱਦ ਨਾਲ ਲੱਗੇ ਪਿੰਡਾਂ ਅਤੇ ਉੱਥੋਂ ਦੇ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਪ੍ਰਦਰਸ਼ਨਕਾਰੀ ਅਨੀਸ਼ਾ ਸਫਾਇਆ ਨੇ ਕਿਹਾ, ''ਮੈਂ ਪਾਕਿਸਤਾਨ ਦੇ ਅਧਿਕਾਰੀਆਂ ਨੂੰ ਸਾਡੀ ਸਰਹੱਦ 'ਤੇ ਖੂਨ ਵਹਿਣ ਤੋਂ ਰੋਕਣ ਦੀ ਬੇਨਤੀ ਕਰਦੀ ਹਾਂ। ਸਾਡੇ ਲੋਕਾਂ ਨੂੰ ਮਾਰਨਾ ਬੰਦ ਕਰੋ। ਜੇਕਰ ਪਾਕਿਸਤਾਨ 8 ਸਾਲ ਦੀ ਬੱਚੀ ਦੀ ਹੱਤਿਆ ਤੋਂ ਪਰੇਸ਼ਾਨ ਨਹੀਂ ਹੋ ਰਿਹਾ ਹੈ, ਤਾਂ ਇਹ ਸੱਚ 'ਚ ਹੀ ਸ਼ਰਮਨਾਕ ਹੈ। ਇਕ ਹੋਰ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਉਹ ਪਾਕਿਸਤਾਨ ਵਿਰੁੱਧ ਕੌਮਾਂਤਰੀ ਮੰਚਾਂ 'ਤੇ ਆਪਣੀ ਆਵਾਜ਼ ਚੁੱਕਣਗੇ ਅਤੇ ਇਹ ਕਹਿਣਗੇ ਕਿ ਪਾਕਿਸਤਾਨ ਇਕ ਅੱਤਵਾਦੀ ਦੇਸ਼ ਹੈ।