ਆਸਟ੍ਰੇਲੀਆ ਦੇ ਡਾਕਟਰੀ ਸੰਘ ਨੇ ਸ਼ਰਣਾਰਥੀਆਂ ਦੀ ਜਾਂਚ ਦੀ ਕੀਤੀ ਮੰਗ

11/18/2017 2:34:10 PM

ਮੈਲਬੌਰਨ (ਵਾਰਤਾ)— ਆਸਟ੍ਰੇਲੀਆ ਦੇ ਮੁੱਖ ਡਾਕਟਰੀ ਸੰਘ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਾਲ ਹੀ 'ਚ ਪਾਪੁਆ ਨਿਊ ਗਿਨੀ ਵਿਚ ਬੰਦ ਕੀਤੇ ਗਏ ਹਿਰਾਸਤ ਕੇਂਦਰ 'ਚ ਮੌਜੂਦ 400 ਤੋਂ ਵਧ ਸ਼ਰਣਾਰਥੀਆਂ ਦੀ ਡਾਕਟਰੀ ਜਾਂਚ ਲਈ ਡਾਕਟਰਾਂ ਨੂੰ ਜਾਣ ਦੀ ਆਗਿਆ ਦਿੱਤੀ ਜਾਵੇ। ਇਹ ਹਿਰਾਸਤ ਕੇਂਦਰ ਆਸਟ੍ਰੇਲੀਆ ਦੇ ਕੰਟਰੋਲ ਵਿਚ ਸੀ ਅਤੇ ਸਰਕਾਰ ਨੇ ਇਸ ਨੂੰ ਕੁਝ ਸਮੇਂ ਪਹਿਲਾਂ ਬੰਦ ਕਰ ਦਿੱਤਾ ਹੈ ਪਰ ਇਸ ਦੇ ਅੰਦਰ ਮੌਜੂਦ 400 ਤੋਂ ਵਧ ਸ਼ਰਣਾਰਥੀਆਂ ਨੇ ਖੁਦ ਨੂੰ ਇਸ ਦੇ ਅੰਦਰ ਬੰਦ ਕਰ ਲਿਆ ਹੈ ਅਤੇ ਪਿਛਲੇ 18 ਦਿਨਾਂ ਤੋਂ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਹੈ।
ਇਸ ਘਟਨਾ ਨੂੰ ਲੈ ਕੇ ਸੰਯੁਕਤ ਰਾਸ਼ਟਰ ਨੇ ਇਸ ਨੂੰ ਮਨੁੱਖੀ ਸੰਕਟ ਕਰਾਰ ਦਿੱਤਾ ਹੈ।
ਇਸ ਹਿਰਾਸਤ ਕੇਂਦਰ ਵਿਚ ਰਹਿ ਰਹੇ ਲੋਕਾਂ ਕੋਲ ਖਾਣ-ਪੀਣ ਦੀਆਂ ਚੀਜ਼ਾਂ, ਦਵਾਈਆਂ, ਪਾਣੀ ਅਤੇ ਹੋਰ ਸਮੱਗਰੀ ਦੀ ਘਾਟ ਹੈ। ਕੇਂਦਰ ਵਿਚ ਵਰਕਰ ਸਾਰੇ ਡਾਕਟਰ ਅਤੇ ਹੋਰ ਸਟਾਫ ਵਾਪਸ ਪਰਤ ਗਏ ਹਨ। ਡਾਕਟਰੀ ਸੰਘ ਨੇ ਸਾਰਿਆਂ ਦੀ ਸਹਿਮਤੀ ਨਾਲ ਪਾਸ ਇਕ ਫੈਸਲੇ ਵਿਚ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਹਿਰਾਸਤ ਕੇਂਦਰ ਤੱਕ ਜਾਣ ਦੀ ਆਗਿਆ ਦਿੱਤੀ ਜਾਵੇ, ਤਾਂ ਕਿ ਇਸ ਦੇ ਅੰਦਰ ਰਹਿਣ ਵਾਲਿਆਂ ਦੀ ਡਾਕਟਰੀ ਜਾਂਚ ਕਰ ਕੇ ਉਨ੍ਹਾਂ ਨੂੰ ਹੋਰ ਬੁਨਿਆਦੀ ਸਹੂਲਤਾਂ ਉਪਲੱਬਧ ਕਰਵਾਈਆਂ ਜਾ ਸਕਣ।