ਕੀ ਪਾਕਿਸਤਾਨ ਨੇ ਪੜ੍ਹ ਲਿਐ ਕੰਧ ''ਤੇ ਲਿਖਿਆ ਸੱਚ?

02/23/2017 10:06:17 AM

ਜਲੰਧਰ/ਲਾਹੌਰ (ਜੁਗਿੰਦਰ ਸੰਧੂ)— ਪਾਕਿਸਤਾਨ ਅੱਤਵਾਦ ਦੇ ਮਾਮਲੇ ਨੂੰ ਲੈ ਕੇ ਪਿਛਲੇ ਸਾਲਾਂ ''ਚ ਵੱਖ-ਵੱਖ ਤਰ੍ਹਾਂ ਦੀ ਪੈਂਤੜੇਬਾਜ਼ੀ ਅਪਣਾਉਂਦਾ ਆ ਰਿਹਾ ਹੈ। ਇਸ ਸਿਲਸਿਲੇ ''ਚ ਕੁਝ ਪੈਂਤੜੇ ਉਸ ਨੇ ਹਾਲ ਹੀ ''ਚ ਵੀ ਖੇਡੇ ਹਨ, ਜਿਨ੍ਹਾਂ ਨੂੰ ਲੈ ਕੇ ਸੰਸਾਰ ਭਰ ਦਾ ਮੀਡੀਆ ਸੋਚਾਂ ''ਚ ਪੈ ਗਿਆ ਹੈ। ਇਨ੍ਹਾਂ ਪੈਂਤੜਿਆਂ ਦਾ ਸਿੱਧਾ ਅਰਥ ਇਹ ਨਿਕਲਦਾ ਹੈ ਕਿ ਪਾਕਿਸਤਾਨ ਹੁਣ ਅੱਤਵਾਦ ਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਚਾਹੁੰਦਾ ਹੈ। ਇਸ ਦਾ ਭਾਵ ਇਹ ਹੈ ਕਿ ਹੁਣ ਅੱਤਵਾਦ ਦੇ ਜਨਮਦਾਤੇ ਇਸ ਦੇਸ਼ ਨੇ ਕੰਧ ''ਤੇ ਲਿਖਿਆ ਪੂਰਾ ਸੱਚ ਪੜ੍ਹ ਲਿਆ ਹੈ ਅਤੇ ਉਸ ਨੂੰ ਜਾਪਣ ਲੱਗਾ ਹੈ ਕਿ ਅੱਤਵਾਦ ਉਸ ਦੀ ਹੋਂਦ ਲਈ ਕਿਸੇ ਦਿਨ ਖ਼ਤਰਾ ਬਣ ਸਕਦਾ ਹੈ। ਇਸ ਲਈ ਇਸ ਤੋਂ ਛੁਟਕਾਰਾ ਹਾਸਲ ਕਰਨਾ ਜ਼ਰੂਰੀ ਹੈ। ਪਿਛਲੇ ਦਿਨੀਂ ਪਾਕਿਸਤਾਨ ਦੇ ਸਿੰਧ ਸੂਬੇ ''ਚ ਲਾਲ ਬਾਦਸ਼ਾਹ ਦੀ ਮਸਜਿਦ ''ਤੇ ਹੋਏ ਆਤਮਘਾਤੀ ਹਮਲੇ ਦੌਰਾਨ 100 ਤੋਂ ਵਧ ਲੋਕ ਮਾਰੇ ਗਏ ਸਨ ਅਤੇ 300 ਦੇ ਕਰੀਬ ਜ਼ਖ਼ਮੀ ਹੋਏ ਸਨ। ਪਾਕਿਸਤਾਨ ਨੇ ਪਹਿਲਾ ਪੈਂਤੜਾ ਇਹ ਅਪਣਾਇਆ ਕਿ ਉਸ ਨੇ ਹਮਲੇ ਤੋਂ ਅਗਲੇ ਦਿਨ ਹੀ 100 ਅੱਤਵਾਦੀਆਂ ਨੂੰ ਮਾਰ ਮੁਕਾਉਣ ਅਤੇ 300 ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕਰ ਦਿੱਤਾ। ਸੰਸਾਰ ਭਰ ਦੇ ਲੋਕ ਇਸ ਗੱਲ ਨੂੰ ਲੈ ਕੇ ਹੈਰਾਨ ਹਨ ਕਿ ਆਖ਼ਰ ਇੰਨੀ ਜਲਦੀ ਕਾਰਵਾਈ ਕਰਕੇ ਪਾਕਿਸਤਾਨ ਦੀ ਫੌਜ ਨੇ 100 ਅੱਤਵਾਦੀ ਕਿਵੇਂ ਮਾਰ ਮੁਕਾਏ। ਇਸ ਦਾ ਅਰਥ ਇਹ ਵੀ ਕੱਢਿਆ ਜਾ ਰਿਹਾ ਹੈ ਕਿ ਇਨ੍ਹਾਂ ਅੱਤਵਾਦੀਆਂ ਨੂੰ ਫੌਜ ਦੀ ਦੇਖ-ਰੇਖ ਹੇਠ ਸਿਖਲਾਈ ਦਿੱਤੀ ਜਾ ਰਹੀ ਸੀ ਅਤੇ ਫੌਜ ਨੇ ਹੀ ਇਨ੍ਹਾਂ ਨੂੰ ਮਾਰ ਮੁਕਾਇਆ ਤਾਂ ਜੋ ਸਰਕਾਰ ਦਾ ਅਕਸ ਬਚਾਇਆ ਜਾ ਸਕੇ। ਗੱਲ ਇਹ ਵੀ ਠੀਕ ਨਹੀਂ ਲੱਗਦੀ, ਕਿਉਂਕਿ ਫੌਜ ਅਤੇ ਸਰਕਾਰ ''ਚ ਕਦੇ ਵੀ ਬਣੀ ਨਹੀਂ। ਪਾਕਿਸਤਾਨ ਦੀ ਫੌਜ ਇੱਕ ਖੁਦਮੁਖਤਿਆਰ ਬਾਡੀ ਵਜੋਂ ਕੰਮ ਕਰਦੀ ਹੈ ਅਤੇ ਸਰਕਾਰ ਦੇ ਕਿਸੇ ਵੀ ਹੁਕਮ ਨੂੰ ਉਹ ਤਰਜ਼ੀਹ ਨਹੀਂ ਦਿੰਦੀ। ਤਾਂ ਇਸ ਦਾ ਅਰਥ ਇਹ ਕੱਢਿਆ ਜਾ ਸਕਦਾ ਹੈ ਕਿ ਪਾਕਿਸਤਾਨ ਨੇ ਦੁਨੀਆ ਦੇ ਸਾਹਮਣੇ ਅੱਤਵਾਦੀਆਂ ਨੂੰ ਮਾਰਨ ਦੇ ਮਾਮਲੇ ''ਚ ਸਿਰਫ਼ ਪਾਖੰਡ ਕੀਤਾ ਹੈ। ਜੇ ਹਕੀਕਤ ''ਚ ਅਜਿਹਾ ਹੈ ਤਾਂ ਫਿਰ ਅੱਤਵਾਦ ਦੇ ਦਿਨ ਬਹੁਤ ਜ਼ਿਆਦਾ ਨਹੀਂ ਹੋ ਸਕਦੇ।
ਪਾਕਿਸਤਾਨ ਦਾ ਦੂਜਾ ਪੈਂਤੜਾ ਉਹ ਹੈ, ਜਿਸ ''ਚ ਉਸ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਪਿਛਲੇ ਦਿਨੀਂ ਇਹ ਕਹਿ ਦਿੱਤਾ ਕਿ ਹਾਫਿਜ਼ ਸਈਦ ਉਨ੍ਹਾਂ ਦੇ ਦੇਸ਼ ਲਈ ਖ਼ਤਰਾ ਸਾਬਤ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਹਾਫਿਜ਼ ਸਈਦ ਇੱਕ ਅਜਿਹਾ ਅੱਤਵਾਦੀ ਸਰਗਣਾ ਹੈ, ਜਿਸ ਨੂੰ ਮੁੰਬਈ ਹਮਲਿਆਂ ਦਾ ਮਾਸਟਰਮਾਂਈਂਡ ਕਿਹਾ ਜਾਂਦਾ ਹੈ। ਭਾਰਤ ਸਰਕਾਰ ਦਰਜਨਾਂ ਵਾਰ ਪਾਕਿਸਤਾਨ ਨੂੰ ਇਹ ਕਹਿ ਚੁੱਕੀ ਹੈ ਕਿ ਹਾਫਿਜ਼ ਸਈਦ ਦੇ ਨਾਲ-ਨਾਲ ਅਜ਼ਹਰ ਮਸੂਦ ਅਤੇ ਲਖਵੀ ਵਰਗੇ ਅੱਤਵਾਦੀਆਂ ਨੂੰ ਨੱਥ ਪਾਈ ਜਾਵੇ ਪਰ ਪਾਕਿਸਤਾਨ ਨੇ ਇਨ੍ਹਾਂ ਗੱਲਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਪਾਕਿਸਤਾਨ ਦੇ ਨੇਤਾ ਅੱਡੀਆਂ ਚੁੱਕ-ਚੁੱਕ ਕੇ ਹਾਫਿਜ਼ ਸਈਦ ਨੂੰ ਧਾਰਮਿਕ ਨੇਤਾ ਗਰਦਾਨਦੇ ਰਹੇ ਅਤੇ ਪਾਕਿਸਤਾਨੀ ਪੰਜਾਬ ਦੀ ਸ਼ਾਹਬਾਜ਼ ਸਰਕਾਰ ਨੇ ਤਾਂ ਹਾਫਿਜ਼ ਦੀ ਸੰਸਥਾ ਨੂੰ ਕਰੋੜਾਂ ਰੁਪਏ ਦੀ ਗ੍ਰਾਂਟ ਵੀ ਦਿੱਤੀ। ਪਾਕਿਸਤਾਨ ਦਾ ਅਜਿਹਾ ਹੀ ਵਤੀਰਾ ਲਖਵੀ ਅਤੇ ਅਜ਼ਹਰ ਮਸੂਦ ਬਾਰੇ ਵੀ ਰਿਹਾ ਹੈ। ਅਜ਼ਹਰ ਨੂੰ ਪਠਾਨਕੋਟ ਹਮਲੇ ਦਾ ਕਰਤਾ-ਧਰਤਾ ਮੰਨਿਆ ਜਾਂਦਾ ਹੈ ਅਤੇ ਉਸ ਦੇ ਬਚਾਅ ਲਈ ਤਾਂ ਚੀਨ ਵੀ ਅੱਡੀਆਂ ਨੂੰ ਥੁੱਕ ਲਾਈ ਫਿਰਦਾ ਹੈ। ਹੁਣ ਅਜਿਹਾ ਕੀ ਹੋ ਗਿਆ ਕਿ ਹਾਫਿਜ਼ ਨੂੰ ਪਾਕਿਸਤਾਨ ਲਈ ਖ਼ਤਰਾ ਦੱਸ ਦਿੱਤਾ ਗਿਆ, ਉਸ ਦੀ ਜਥੇਬੰਦੀ ਨੂੰ ਅੱਤਵਾਦ ਰੋਕੂ ਕਾਨੂੰਨ ਅਧੀਨ ਸੂਚੀਬੱਧ ਕਰ ਦਿੱਤਾ ਗਿਆ ਅਤੇ ਉਸ ਦੇ ਅਸਲੇ ਦੇ ਬਹੁਤ ਸਾਰੇ ਲਾਈਸੈਂਸ ਵੀ ਰੱਦ ਕਰ ਦਿੱਤੇ ਗਏ। ਹਾਫਿਜ਼ ਸਈਦ ਦੇ ਮਾਮਲੇ ਤੋਂ ਵੀ ਲੱਗਦਾ ਹੈ ਕਿ ਪਾਕਿਸਤਾਨ ਅੱਤਵਾਦ ਦੀ ਅੱਗ ''ਚੋਂ ਆਪਣੇ ਹੱਥ ਸੁਰੱਖਿਅਤ ਕੱਢਣਾ ਚਾਹੁੰਦਾ ਹੈ। ਸੰਸਾਰ ਦਾ ਮੀਡੀਆ ਇਸ ਨੂੰ ਵੀ ਸੱਚ ਮੰਨਣ ਲਈ ਤਿਆਰ ਨਹੀਂ। ਪਾਕਿਸਤਾਨ ''ਤੇ ਇਸ ਮਾਮਲੇ ''ਚ ਵੀ ਉਂਗਲੀ ਕੀਤੀ ਜਾ ਰਹੀ ਹੈ ਕਿ ਉਹ ਦੁਨੀਆ ਦੀਆਂ ਅੱਖਾਂ ''ਚ ਘੱਟਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਤਾਂ ਫਿਰ ਹਕੀਕਤ ਕੀ ਹੈ? ਇਹ ਆਉਣ ਵਾਲੇ ਦਿਨਾਂ ''ਚ ਸਾਹਮਣੇ ਆਵੇਗੀ।