ਲਾਹੌਰ ਦੀ ਦੀਵਾਲੀ ਵੀ ਹੋਵੇਗੀ ਖਾਸ, 1 ਹਜ਼ਾਰ ਮੰਦਰ ਹੋਣਗੇ ਰੌਸ਼ਨ

11/04/2018 12:40:48 PM

ਇਸਲਾਮਾਬਾਦ— ਪਾਕਿਸਤਾਨ 'ਚ ਇਸ ਵਾਰ ਦੀਵਾਲੀ ਕੁਝ ਖਾਸ ਹੋਵੇਗੀ ਕਿਉਂਕਿ ਇਸ ਤਿਉਹਾਰ 'ਚ ਪ੍ਰਧਾਨ ਮੰਤਰੀ ਇਮਰਾਨ ਖਾਨ ਖੁਦ ਦਿਲਚਸਪੀ ਲੈ ਰਹੇ ਹਨ। ਪਾਕਿਸਤਾਨ 'ਚ ਅਜਿਹੇ ਤਿਉਹਾਰ ਮਨਾਉਣ ਵਾਲਿਆਂ ਨੂੰ ਅਕਸਰ ਕੱਟੜਪੰਥੀਆਂ ਦਾ ਵਿਰੋਧ ਝਲਣਾ ਪੈਂਦਾ ਹੈ ਪਰ ਇਸ ਵਾਰ ਸਰਕਾਰ ਨੇ ਪੁੱਖਤਾ ਬੰਦੋਬਸਤ ਦਾ ਦਾਅਵਾ ਕੀਤਾ ਹੈ, ਨਾਲ ਹੀ 7 ਨਵੰਬਰ ਦੀਵਾਲੀ 'ਤੇ ਹਿੰਦੂ ਭਾਈਚਾਰੇ ਲਈ ਸਰਕਾਰੀ ਛੁੱਟੀ ਦਾ ਵੀ ਐਲਾਨ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੰਜਾਬ, ਸਿੰਧ ਅਤੇ ਖੈਬਰ ਪਖਤੂਨਖਵਾ 'ਚ ਸਰਕਾਰ ਸੁਰੱਖਿਆ ਪਹਿਲੂਆਂ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ।

ਸਰਕਾਰ ਨੇ ਵੱਡੇ ਆਯੋਜਨਾਂ ਅਤੇ ਵਿਰੋਧ ਦੇ ਸੰਭਾਵਿਤ ਇਲਾਕਿਆਂ ਤੇ ਸਥਾਨਾਂ ਦੀ ਸੂਚੀ ਮੰਗਵਾ ਲਈ ਹੈ। ਘੱਟ ਗਿਣਤੀ ਭਾਈਚਾਰੇ ਦੇ ਧਾਰਮਿਕ ਸਥਾਨਾਂ ਦੀ ਦੇਖ-ਰੇਖ ਕਰਨ ਵਾਲੇ ਟਰੱਸਟ ਪ੍ਰਾਪਰਟੀ ਬੋਰਡ ਦੇ ਚੇਅਰਮੈਨ ਡਾ. ਰਮੇਸ਼ ਵਾਂਕਵਾਨੀ ਨੇ ਦੱਸਿਆ ਕਿ ਟਰੱਸਟ ਅਤੇ ਸਰਕਾਰ ਦੀ ਕੋਸ਼ਿਸ਼ ਹੈ ਕਿ ਦੇਸ਼ ਦੇ ਸਾਰੇ ਇਕ ਹਜ਼ਾਰ ਤੋਂ ਵੱਧ ਮੰਦਰ ਅਤੇ 18 ਲੱਖ ਹਿੰਦੂਆਂ ਦੇ ਘਰ ਰੌਸ਼ਨ ਹੋਣ।

ਸਿੰਧ ਪ੍ਰਾਂਤ ਦੇ ਸਾਧੂ ਬੇਲਾ ਮੰਦਰ, ਲਾਹੌਰ ਦੇ ਕ੍ਰਿਸ਼ਣਾ ਮੰਦਰ, ਭਗਵਾਨ ਵਾਲਮੀਕ ਮੰਦਰ, ਚਕਵਾਲ, ਹੈਦਰਾਬਾਦ, ਜੈਕਬਾਬਾਦ ਦੇ ਮੰਦਰ ਦੇ ਨਾਲ ਹੀ ਰਾਵਲਪਿੰਡੀ ਦੇ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ, ਪੇਸ਼ਾਵਰ ਸ਼ਹਿਰ ਦੇ ਮੰਦਰ ਆਕਰਸ਼ਣ ਦਾ ਕੇਂਦਰ ਹੋਣਗੇ। ਖੈਬਰ ਪਖਤੂਨਖਵਾ 'ਚ ਪਿਛਲੇ ਸਾਲ ਕੱਟੜਪੰਥੀਆਂ ਦੇ ਖੌਫ ਕਾਰਨ ਲੋਕ ਦੀਵਾਲੀ ਨਹੀਂ ਮਨਾ ਸਕੇ ਸਨ ਪਰ ਇਸ ਵਾਰ ਸੁਰੱਖਿਆ ਸਖਤ ਕੀਤੇ ਜਾਣ ਨਾਲ ਲੱਗ ਰਿਹਾ ਹੈ ਕਿ ਉੱਥੇ ਵੀ ਦੀਵਾਲੀ ਮਨਾਈ ਜਾ ਸਕੇਗੀ।