ਦੀਵਾਲੀ ਮੌਕੇ ਹਾਕੀ ਦੇ ਮੈਦਾਨ ''ਚ ਭਿੜੇਗੀ ਪੰਜਾਬੀਆਂ ਦੀ ਟੀਮ ਵਿਕਟੋਰੀਆ ਪੁਲਸ ਦੀ ਟੀਮ ਨਾਲ

10/17/2017 2:55:29 PM

ਮੈਲਬੋਰਨ(ਮਨਦੀਪ ਸਿੰਘ ਸੈਣੀ)— ਆਸਟ੍ਰੇਲੀਆ ਵਿਚ ਹਾਕੀ ਨੂੰ ਨਵੀਂ ਪੀੜੀ ਦੇ ਪੰਜਾਬੀ ਬੱਚਿਆਂ ਨਾਲ ਜੋੜਨ ਦੇ ਉਪਰਾਲੇ ਸੱਦਕਾ ਪਿਛਲੇ ਸਮੇਂ ਦੌਰਾਨ ਕਰੇਗੀਬਰਨ ਫਾਲਕਨਸ ਹਾਕੀ ਕਲੱਬ ਦਾ ਗਠਨ ਕੀਤਾ ਗਿਆ। ਲੰਘੇ ਵਿਕਟੋਰੀਆ ਹਾਕੀ ਸੈਸ਼ਨ ਦੌਰਾਨ ਸੀਨੀਅਰ ਟੀਮ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕਰਕੇ ਵਿਕਟੋਰੀਆ ਹਾਕੀ ਜਗਤ ਵਿਚ ਆਪਣੀ ਵੱਖਰੀ ਪਛਾਣ ਬਣਾਈ ਹੈ। ਇਸੇ ਕੜੀ ਨੂੰ ਅੱਗੇ ਤੋਰਦੇ ਹੋਏ ਕਲੱਬ ਵੱਲੋਂ ਦੀਵਾਲੀ ਕੱਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਜੋ ਕਿ 19 ਅਕਤੂਬਰ ਨੂੰ ਕਰੇਗੀਬਰਨ ਦੇ ਹਿਊਮ ਹਾਕੀ ਮੈਦਾਨ ਵਿਖੇ ਵਿਕਟੋਰੀਆ ਪੁਲਸ ਦੀ ਟੀਮ ਅਤੇ ਪੰਜਾਬੀਆਂ ਦੀ ਟੀਮ ਕਰੇਗੀਬਰਨ ਫਾਲਕਨਸ ਦੀਆਂ ਟੀਮਾਂ ਵਿਚਕਾਰ ਹੋਵੇਗਾ। ਹੋਰ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਰਛਪਾਲ ਸਿੰਘ ਨਾਹਲ, ਰਵੀਸ਼ ਸਰਾਂ, ਪਰਮਜੋਤ ਸਿੰਘ, ਹਰਵਿੰਦਰਜੀਤ ਸਿੰਘ ਅਤੇ ਤਕਦੀਰ ਸਿੰਘ ਦਿਓਲ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਇਸ ਤਰ੍ਹਾਂ ਦੇ ਪਹਿਲੀ ਵਾਰ ਹੋ ਰਹੇ ਦਿਲਚਸਪ ਮੁਕਾਬਲੇ ਪ੍ਰਤੀ ਭਾਈਚਾਰੇ ਵਿਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮੈਚ ਦੌਰਾਨ ਗੱਤਕਾ ਅਤੇ ਭੰਗੜੇ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ।