ਤੁਹਾਡੇ ਬੱਚਿਆਂ ਨੂੰ ਮੋਟਾ ਕਰ ਸਕਦੀਆਂ ਹਨ, ਘਰਾਂ ''ਚ ਇਸਤੇਮਾਲ ਹੁੰਦੀਆਂ ਕੀਟਾਣੂਨਾਸ਼ਕ ਚੀਜ਼ਾਂ

09/18/2018 4:22:13 PM

ਟੋਰਾਂਟੋ (ਭਾਸ਼ਾ)— ਸ਼ੋਧਕਰਤਾਵਾਂ ਨੇ ਦਾਅਵਾ ਕੀਤਾ ਹੈ ਕਿ ਘਰਾਂ ਵਿਚ ਸਾਫ-ਸਫਾਈ ਲਈ ਇਸਤੇਮਾਲ ਕੀਤੇ ਜਾਣ ਵਾਲੇ ਕੀਟਾਣੂਨਾਸ਼ਕ ਅਤੇ ਹੋਰ ਕੈਮੀਕਲ ਬੱਚਿਆਂ ਵਿਚ ਮੋਟਾਪੇ ਦੀ ਸਮੱਸਿਆ ਵਧਾ ਸਕਦੇ ਹਨ। ਇਕ ਨਵੇਂ ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਫਿਨਾਯਲ, ਹਾਰਪਿਕ, ਲਾਈਜੋਲ ਅਤੇ ਇਸ ਤਰ੍ਹਾਂ ਦੇ ਹੋਰ ਉਤਪਾਦ ਬੱਚਿਆਂ ਦੇ 'ਗਟ ਮਾਈਕ੍ਰੋਬਸ' (ਮਨੁੱਖ ਦੇ ਪਾਚਨ ਤੰਤਰ 'ਚ ਰਹਿਣ ਵਾਲੇ ਸੂਖਮ ਜੀਵ) 'ਚ ਬਦਲਾਅ ਕਰ ਕੇ ਬੱਚਿਆਂ ਵਿਚ ਵਜ਼ਨ ਵਧਣ ਦੀ ਪ੍ਰਵਿਤੀ ਨੂੰ ਵਧਾ ਸਕਦੇ ਹਨ। 

ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਜਰਨਲ 'ਚ ਇਸ ਬਾਰੇ ਇਕ ਅਧਿਐਨ ਪ੍ਰਕਾਸ਼ਤ ਕੀਤਾ ਗਿਆ ਹੈ। ਇਸ ਅਧਿਐਨ ਲਈ ਕੈਨੇਡਾ ਦੀ ਅਲਬਰਟਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ 3-4 ਮਹੀਨੇ ਦੀ ਉਮਰ ਦੇ 757 ਬੱਚਿਆਂ ਦੇ 'ਗਟ ਮਾਈਕ੍ਰੋਬਸ' ਦਾ ਵਿਸ਼ਲੇਸ਼ਣ ਕੀਤਾ। ਅਧਿਐਨ ਦੌਰਾਨ ਘਰਾਂ ਵਿਚ ਇਸਤੇਮਾਲ ਕੀਤੇ ਜਾਣ ਵਾਲੇ ਕੀਟਾਣੂਨਾਸ਼ਕ, ਸਫਾਈ ਸਮੱਗਰੀ ਅਤੇ ਹੋਰ ਵਾਤਾਵਰਣ ਦੇ ਅਨੁਕੂਲ ਉਤਪਾਦਾਂ ਦੇ ਪ੍ਰਭਾਵਾਂ ਦਾ ਵਿਸ਼ਲੇਸ਼ਣ ਕਰਦੇ ਹੋਏ ਬੱਚਿਆਂ ਦਾ ਵਜ਼ਨ ਮਾਪਿਆ ਗਿਆ। ਅਧਿਐਨ ਵਿਚ ਇਹ ਦੇਖਿਆ ਗਿਆ ਕਿ ਘਰਾਂ ਵਿਚ ਕੀਟਾਣੂਨਾਸ਼ਕਾਂ ਦਾ ਵੱਧ ਇਸਤੇਮਾਲ ਕੀਤੇ ਜਾਣ ਨਾਲ 3-4 ਮਹੀਨੇ ਦੀ ਉਮਰ ਵਾਲੇ ਬੱਚਿਆਂ ਦੇ 'ਗਟ ਮਾਈਕ੍ਰੋਬਸ' ਵਿਚ ਬਦਲਾਅ ਆਇਆ। ਉਨ੍ਹਾਂ ਨੇ ਦੇਖਿਆ ਕਿ ਹੋਰ ਡਿਟਰਜੈਟ ਅਤੇ ਸਫਾਈ ਵਿਚ ਇਸਤੇਮਾਲ ਹੋਣ ਵਾਲੇ ਉਤਪਾਦਾਂ ਦਾ ਵੀ ਬੱਚਿਆਂ 'ਤੇ ਅਜਿਹਾ ਹੀ ਪ੍ਰਭਾਵ ਪਿਆ।