ਰਬੜ ਵਾਂਗ ਖਿੱਚਿਆ ਜਾ ਸਕੇਗਾ ਹੀਰਾ

04/21/2018 9:52:42 AM

ਬੋਸਟਨ— ਜੇ ਤੁਸੀਂ ਮੰਨਦੇ ਹੋ ਕਿ ਹੀਰਾ ਕੁਦਰਤੀ ਚੀਜ਼ਾਂ ਵਿਚ ਸਭ ਤੋਂ ਕਠੋਰ ਹੁੰਦਾ ਹੈ ਤਾਂ ਤੁਸੀਂ ਆਪਣੀ ਧਾਰਨਾ ਨੂੰ ਬਦਲ ਦਿਓ ਕਿਉਂਕਿ ਵਿਗਿਆਨੀਆਂ ਨੇ ਪਹਿਲੀ ਵਾਰ ਪਤਾ ਲਾਇਆ ਹੈ ਕਿ ਜੇ ਇਸ ਨੂੰ ਕੁਝ ਵਿਸ਼ੇਸ਼ ਤਰੀਕੇ ਨਾਲ ਵਿਕਸਿਤ ਕੀਤਾ ਜਾਵੇ ਤਾਂ ਇਹ ਰਬੜ ਵਾਂਗ ਖਿੱਚਿਆ ਜਾ ਸਕਦਾ ਹੈ।
ਵਿਗਿਆਨੀਆਂ ਨੇ ਦੇਖਿਆ ਕਿ ਜੇ ਇਸ ਨੂੰ ਸੂਈ ਦੇ ਬਰਾਬਰ ਬਹੁਤ ਛੋਟੇ ਆਕਾਰ ਵਿਚ ਵਿਕਸਿਤ ਕੀਤਾ ਜਾਵੇ ਤਾਂ ਇਸ ਨੂੰ ਰਬੜ ਵਾਂਗ ਖਿੱਚਿਆ ਜਾ ਸਕਦਾ ਹੈ। ਅਮਰੀਕਾ ਵਿਚ ਮੈਸਾਚੁਸੇਟਸ ਇੰਸਟੀਚਿਊਟ ਆਫ ਟੈਕਨਾਲੋਜੀ (ਐੱਮ. ਆਈ. ਟੀ.) ਦੇ ਖੋਜਕਾਰਾਂ ਦੀ ਇਹ ਖੋਜ ਸੈਂਸਿੰਗ, ਡਾਟਾ ਸੰਗ੍ਰਹਿ, ਵੀਵੋ ਇਮੇਜਿੰਗ ਅਤੇ ਬਾਇਓਕਾਂਪੇਟੀਬਲ (ਕੋਸ਼ਿਕਾਵਾਂ, ਟਿਸ਼ੂਆਂ ਨੂੰ ਬਿਨਾਂ ਨੁਕਸਾਨ ਪਹੁੰਚਾਏ ਸਰਜੀਕਲ ਟ੍ਰਾਂਸਪਲਾਂਟੇਸ਼ਨ ਵਿਚ ਇਸਤੇਮਾਲ ਕੀਤੀ ਜਾਣ ਵਾਲੀ ਸਮੱਗਰੀ), ਆਪਟੋਇਲੈਕਟ੍ਰਾਨਿਕਸ ਅਤੇ ਦਵਾਈ ਸਪਲਾਈ ਵਰਗੇ ਪ੍ਰਯੋਗਾਂ ਵਿਚ ਇਸਤੇਮਾਲ ਹੋਣ ਵਾਲੇ ਹੀਰਾ ਆਧਾਰਿਤ ਵੱਖ-ਵੱਖ ਕਿਸਮ ਦੇ ਯੰਤਰਾਂ ਲਈ ਨਵੇਂ ਦਰਵਾਜ਼ੇ ਖੋਲ੍ਹ ਸਕਦੀ ਹੈ।
ਉਦਾਹਰਣ ਵਜੋਂ ਕੈਂਸਰ ਪੀੜਤ ਕੋਸ਼ਿਕਾ ਤਕ ਦਵਾਈ ਪਹੁੰਚਾਉਣ ਲਈ ਇਕ ਸੰਭਾਵਿਤ ਬਾਇਓਕਾਂਪੇਟੀਬਲ ਵਾਹਕ ਦੇ ਤੌਰ 'ਤੇ ਹੀਰਾ ਮਦਦਗਾਰ ਭੂਮਿਕਾ ਨਿਭਾ ਸਕਦਾ ਹੈ ਅਤੇ ਇਹ ਜੀਵਤ ਕੋਸ਼ਿਕਾ ਨੂੰ ਨੁਕਸਾਨ ਵੀ ਨਹੀਂ ਪਹੁੰਚਾਏਗਾ। ਇਸ ਖੋਜ ਦੇ ਨਤੀਜੇ ਸਾਇੰਸ ਰਸਾਲੇ 'ਚ ਪ੍ਰਕਾਸ਼ਿਤ ਹੋਏ ਹਨ