ਯੂਕ੍ਰੇਨ ਦੇ ਉਪ ਵਿਦੇਸ਼ ਮੰਤਰੀ ਨੇ ਦੇਵੀ ''ਕਾਲੀ'' ਨਾਲ ਸਬੰਧਤ ਟਵੀਟ ਲਈ ਮੰਗੀ ਮੁਆਫ਼ੀ

05/02/2023 5:52:55 PM

ਕੀਵ (ਭਾਸ਼ਾ)- ਯੂਕ੍ਰੇਨ ਦੇ ਉਪ ਵਿਦੇਸ਼ ਮੰਤਰੀ ਐਮਿਨ ਝਾਪਾਰੋਵਾ ਨੇ ਮੰਗਲਵਾਰ ਨੂੰ ਦੇਸ਼ ਦੇ ਰੱਖਿਆ ਮੰਤਰਾਲੇ ਦੁਆਰਾ ਦੇਵੀ ਕਾਲੀ ਦੀ 'ਗਲਤ ਪੇਸ਼ਕਾਰੀ' 'ਤੇ ਅਫਸੋਸ ਪ੍ਰਗਟ ਕੀਤਾ ਅਤੇ ਇਸ ਕਾਰਵਾਈ ਲਈ ਮੁਆਫ਼ੀ ਮੰਗਦਿਆਂ ਕਿਹਾ ਕਿ ਦੇਸ਼ ਅਤੇ ਇਸ ਦੇ ਲੋਕ 'ਵਿਲੱਖਣ ਭਾਰਤੀ ਸੰਸਕ੍ਰਿਤੀ' ਦਾ ਸਨਮਾਨ ਕਰਦੇ ਹਨ। ਝਾਪਰੋਵਾ ਨੇ 9 ਅਪ੍ਰੈਲ ਨੂੰ ਭਾਰਤ ਦਾ ਦੌਰਾ ਕੀਤਾ ਸੀ। ਪਿਛਲੇ ਸਾਲ ਫਰਵਰੀ 'ਚ ਯੂਕ੍ਰੇਨ 'ਤੇ ਰੂਸੀ ਹਮਲੇ ਦੇ ਸ਼ੁਰੂ ਹੋਣ ਤੋਂ ਬਾਅਦ ਪੂਰਬੀ ਯੂਰਪੀ ਦੇਸ਼ (ਯੂਕ੍ਰੇਨ) ਦੇ ਕਿਸੇ ਮੰਤਰੀ ਦੀ ਇਹ ਪਹਿਲੀ ਅਧਿਕਾਰਤ ਵਿਦੇਸ਼ ਯਾਤਰਾ ਸੀ। 

ਉਸ ਨੇ ਦੇਵੀ ਕਾਲੀ ਨਾਲ ਜੁੜੀ ਇਸ ਘਟਨਾ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਲੋਕਾਂ ਦੁਆਰਾ ਵਿਆਪਕ ਪੱਧਰ' ਤੇ ਰੋਸ ਜਤਾਏ ਜਾਣ ਤੋਂ ਬਾਅਦ ਇਕ ਟਵੀਟ ਵਿਚ ਕਿਹਾ ਕਿ "ਸਾਨੂੰ ਯੂਕ੍ਰੇਨ ਦੇ ਰੱਖਿਆ ਮੰਤਰਾਲੇ ਦੁਆਰਾ ਦੇਵੀ ਕਾਲੀ ਦੀ ਗਲਤ ਪੇਸ਼ਕਾਰੀ ਲਈ ਅਫਸੋਸ ਹੈ,"। ਯੂਕ੍ਰੇਨ ਅਤੇ ਇਸ ਦੇ ਲੋਕ ਵਿਲੱਖਣ ਭਾਰਤੀ ਸੰਸਕ੍ਰਿਤੀ ਦਾ ਸਨਮਾਨ ਕਰਦੇ ਹਨ ਅਤੇ (ਭਾਰਤ ਦੇ) ਸਮਰਥਨ ਦੀ ਬਹੁਤ ਕਦਰ ਕਰਦੇ ਹਨ। ਤਸਵੀਰ ਹਟਾ ਦਿੱਤੀ ਗਈ ਹੈ। ਯੂਕ੍ਰੇਨ ਆਪਸੀ ਸਨਮਾਨ ਅਤੇ ਦੋਸਤੀ ਦੀ ਭਾਵਨਾ ਨਾਲ ਸਹਿਯੋਗ ਵਧਾਉਣ ਲਈ ਦ੍ਰਿੜ ਹੈ। ਜ਼ਿਕਰਯੋਗ ਹੈ ਕਿ ਤਸਵੀਰ ਵਿਚ ਧਮਾਕੇ ਦੇ ਧੂੰਏਂ ਦੇ ਵਿਚਕਾਰ 'ਵਰਕ ਆਫ਼ ਆਰਟ' ਸ਼ਬਦਾਂ ਦੇ ਨਾਲ ਦੇਵੀ ਕਾਲੀ ਦੀ ਇਤਰਾਜ਼ਯੋਗ ਤਸਵੀਰ ਸੀ। ਤਸਵੀਰ ਨੂੰ 30 ਅਪ੍ਰੈਲ ਨੂੰ ਟਵੀਟ ਕੀਤਾ ਗਿਆ ਸੀ, ਜਿਸ ਨਾਲ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਗੁੱਸਾ ਫੈਲ ਗਿਆ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਨੇ ਈ-ਸਿਗਰੇਟ 'ਤੇ ਸਖ਼ਤ ਕਾਰਵਾਈ ਕਰਨ ਦਾ ਕੀਤਾ ਐਲਾਨ

30 ਅਪ੍ਰੈਲ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਸੀਨੀਅਰ ਸਲਾਹਕਾਰ ਕੰਚਨ ਗੁਪਤਾ ਨੇ ਯੂਕ੍ਰੇਨ ਦੇ ਰੱਖਿਆ ਮੰਤਰਾਲੇ ਦਾ ਟਵੀਟ ਸਾਂਝਾ ਕਰਦੇ ਹੋਏ ਕਿਹਾ ਕਿ “ਗ਼ਲਤ ਪ੍ਰਚਾਰ ਫੈਲਾਉਣ ਲਈ ਬਣਾਏ ਗਏ ਪੋਸਟਰ ਵਿੱਚ ਦੇਵੀ ਕਾਲੀ ਦੀ ਤਸਵੀਰ ਦੀ ਵਰਤੋਂ ਕੀਤੀ ਗਈ ਸੀ। ਇਹ ਦੁਨੀਆ ਭਰ ਦੇ ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ 'ਤੇ ਹਮਲਾ ਹੈ।'' ਗੁਪਤਾ ਨੇ ਇਹ ਵੀ ਕਿਹਾ ਕਿ ਯੂਕ੍ਰੇਨ ਨੇ ''ਦੇਵੀ ਕਾਲੀ ਨੂੰ ਇਸ ਤਰ੍ਹਾਂ ਨਾਲ ਬਦਨਾਮ ਕੀਤਾ ਹੈ ਜੋ ਪਹਿਲਾਂ ਕਦੇ ਕਿਸੇ ਸਰਕਾਰ ਜਾਂ ਦੇਸ਼ ਨੇ ਨਹੀਂ ਕੀਤਾ ਸੀ।'' ਉਸ ਨੇ ਯੂਕ੍ਰੇਨ ਦੇ ਰੱਖਿਆ ਮੰਤਰਾਲੇ ਦੀ ਕਾਰਵਾਈ ਨੂੰ ਨਫ਼ਰਤ ਵਾਲਾ ਬਿਆਨ ਵੀ ਕਰਾਰ ਦਿੱਤਾ। 
ਕੁਝ ਟਵਿੱਟਰ ਉਪਭੋਗਤਾਵਾਂ ਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਵੀ ਇਸ ਮੁੱਦੇ ਵਿੱਚ ਦਖਲ ਦੇਣ ਦੀ ਅਪੀਲ ਕੀਤੀ। ਜੈਸ਼ੰਕਰ ਨੂੰ ਟੈਗ ਕਰਦੇ ਹੋਏ ਇਕ ਯੂਜ਼ਰ ਨੇ ਆਪਣੇ ਟਵੀਟ 'ਚ ਕਿਹਾ ਕਿ ''ਮਾਂ ਕਾਲੀ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਵਾਲੀ ਇਸ ਅਪਮਾਨਜਨਕ ਪੋਸਟ 'ਤੇ ਧਿਆਨ ਦਿਓ।'' ਪਿਛਲੇ ਸਾਲ ਫਰਵਰੀ 'ਚ ਯੂਕ੍ਰੇਨ ਸੰਕਟ ਸ਼ੁਰੂ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਕਈ ਵਾਰ ਫੋਨ 'ਤੇ ਗੱਲ ਕਰ ਚੁੱਕੇ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana