ਦੇਖੋ ਧਰਤੀ ਦੇ ਗੁਰਤਾ ਨਿਯਮ ਦੇ ਉਲਟ ਪਾਣੀ ਦਾ ਉਲਟਾ ਝਰਨਾ, ਵੀਡੀਓ

01/13/2020 11:30:42 AM

ਕੋਪੇਨਹੇਗਨ (ਬਿਊਰੋ): ਕੁਦਰਤੀ ਨਜ਼ਾਰੇ ਦੁਨੀਆ ਨੂੰ ਖੂਬਸੂਰਤ ਬਣਾਉਂਦੇ ਹਨ। ਕੁਦਰਤ ਦੀ ਇਸ ਖੂਬਸੂਰਤੀ ਨੂੰ ਝਰਨੇ ਚਾਰ ਚੰਨ ਲਗਾਉਂਦੇ ਹਨ। ਅਕਸਰ ਝਰਨੇ ਉੱਪਰ ਤੋਂ ਹੇਠਾਂ ਵੱਲ ਡਿੱਗਦੇ ਹਨ ਪਰ ਹਾਲ ਹੀ ਵਿਚ ਇਕ ਟਵੀਟ ਸਾਹਮਣੇ ਆਇਆ ਹੈ ਜਿਸ ਵਿਚ ਪਾਣੀ ਦਾ ਝਰਨਾ ਉਲਟਾ ਵੱਗਦਾ ਦੇਖਿਆ ਜਾ ਸਕਦਾ ਹੈ ਮਤਲਬ ਪਾਣੀ ਹੇਠਾਂ ਤੋਂ ਉੱਪਰ ਵੱਲ ਜਾ ਰਿਹਾ ਹੈ।ਉਹ ਵੀ ਧਰਤੀ ਦੀ ਗੁਰਤਾ ਸ਼ਕਤੀ ਦੇ ਬਿਲਕੁੱਲ ਉਲਟ। ਇਹ ਅਦਭੁੱਤ ਕੁਦਰਤੀ ਨਜ਼ਾਰਾ ਹਮੇਸ਼ਾ ਦੇਖਣ ਨੂੰ ਨਹੀਂ ਮਿਲਦਾ। ਅੱਜ ਅਸੀਂ ਤੁਹਾਨੂੰ ਇਸ ਝਰਨੇ ਬਾਰੇ ਦੱਸ ਰਹੇ ਹਾਂ।

ਇਹ ਉਲਟਾ ਝਰਨਾ ਡੈਨਮਾਰਕ ਦੇ ਫੈਰੋ ਆਈਲੈਂਡ ਦੇ ਸਮੁੰਦਰੀ ਤੱਟ 'ਤੇ ਦੇਖਿਆ ਗਿਆ। ਵੀਡੀਓ ਅਤੇ ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਇੱਥੇ ਮੌਸਮ ਕਾਫੀ ਖਰਾਬ ਹੈ। ਸਮੁੰਦਰ ਵਿਚ ਉੱਚੀਆਂ-ਉੱਚੀਆਂ ਲਹਿਰਾਂ ਉੱਠ ਰਹੀਆਂ ਹਨ। ਇਸੇ ਦੌਰਾਨ ਇਕ ਕਲਿਫ (ਸਮੁੰਦਰ ਦੇ ਕਿਨਾਰੇ ਪੱਥਰ ਨਾਲ ਬਣੀ ਉੱਚਾਈ ਵਾਲੀ ਜਗ੍ਹਾ) ਦੇ ਕਿਨਾਰੇ ਤੋਂ ਸਫੇਦ ਰੰਗ ਦੀ ਧਾਰਾ ਉੱਪਰ ਉੱਠਦੀ ਦਿਖਾਈ ਦਿੰਦੀ ਹੈ ਜੋ ਹੌਲੀ-ਹੌਲੀ ਕਲਿਫ ਦੇ ਉੱਪਰ ਜਾਂਦੀ ਹੈ। ਇਸ ਵੀਡੀਓ ਨੂੰ 41 ਸਾਲ ਦੇ ਸੈਮੀ ਜੈਕਬਸਨ ਨੇ ਬਣਾਇਆ। ਉਹ ਫੈਰੋ ਆਈਲੈਂਡ ਦੇ ਸੁਓਰਾਏ ਦੇ ਬੇਨੀਸੁਵੋਰੋ ਕਲਿਫ ਨੇੜੇ ਸਮੁੰਦਰ ਦਾ ਨਜ਼ਾਰਾ ਦੇਖਣ ਗਏ ਸਨ। ਉਦੋਂ ਉਹਨਾਂ ਨੇ ਇਹ ਅਦਭੁੱਤ ਨਜ਼ਾਰਾ ਦੇਖਿਆ ਅਤੇ ਆਪਣੇ ਕੈਮਰੇ ਵਿਚ ਕੈਦ ਕਰ ਲਿਆ।

 

ਬੇਨੀਸੁਵੋਰੋ ਕਲਿਫ 470 ਮੀਟਰ (ਕਰੀਬ 1542 ਫੁੱਟ) ਉੱਚਾ ਹੈ।ਇਹ ਉਲਟਾ ਝਰਨਾ ਸਮੁੰਦਰ ਤੋਂ ਉੱਠ ਕੇ 1542 ਫੁੱਟ ਉੱਚੇ ਕਲਿਫ ਦੇ ਉੱਪਰ ਜਾਂਦਾ ਦੇਖਿਆ ਜਾ ਸਕਦਾ ਹੈ। ਵੀਡੀਓ 26 ਸੈਕੰਡ ਦਾ ਹੈ ਪਰ ਇੰਨੇ ਸਮੇਂ ਵਿਚ ਹੀ ਕੁਦਰਤ ਦੇ ਇਸ ਅਦਭੁੱਤ ਨਜ਼ਾਰੇ ਅਤੇ ਤਾਕਤ ਦਾ ਪਤਾ ਚੱਲਦਾ ਹੈ।

ਵਿਗਿਆਨ ਦੀ ਭਾਸ਼ਾ ਵਿਚ ਇਸ ਨੂੰ ਵਾਟਰ ਸਪਾਊਟ (ਪਾਣੀ ਦਾ ਟੁੱਕੜਾ ) ਕਹਿੰਦੇ ਹਨ। ਇਹ ਉਦੋਂ ਬਣਦਾ ਹੈ ਜਦੋਂ ਪਾਣੀ ਸੀ ਵੋਰਟੈਕਸ (Sea vortex) ਮਤਲਬ ਸਮੁੰਦਰੀ ਭੰਵਰ ਵਿਚ ਫਸ ਕੇ ਉੱਪਰ ਉੱਠਣ ਲੱਗਦਾ ਹੈ। ਇਹ ਉਂਝ ਹੀ ਹੁੰਦਾ ਹੈ ਜਿਵੇਂ ਟਾਰਨੈਡੋ (ਤੂਫਾਨ) ਵਿਚ ਫਸ ਕੇ ਚੀਜ਼ਾਂ ਉੱਪਰ ਉੱਠਣ ਲੱਗਦੀਆਂ ਹਨ। ਜਦੋਂ ਤੱਕ ਸਮੁੰਦਰੀ ਭੰਵਰ ਬਣਦਾ ਰਹੇਗਾ ਉਦੋਂ ਤੱਕ ਪਾਣੀ ਹੇਠਾਂ ਤੋਂ ਉੱਪਰ ਵੱਲ ਜਾਂਦਾ ਰਹੇਗਾ।

ਇਸ ਵੀਡੀਓ ਨੂੰ ਯੂਰਪੀਅਨ ਯੂਨੀਅਨ ਐਕਸਟ੍ਰੀਮ ਵੈਦਰ ਨਾਮ ਦੇ ਟਵਿੱਟਰ ਹੈਂਡਲ ਤੋਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਗਿਆ। ਇਸ ਵਿਚ ਯੂਰਪੀ ਮੌਸਮ ਵਿਭਾਗ ਦੇ ਵਿਗਿਆਨੀ ਗ੍ਰੇਗ ਡਿਊਹਸਟ ਨੇ ਦੱਸਿਆ ਕਿ ਇਹ ਇਕ ਤੂਫਾਨ ਹੈ ਜੋ ਪਾਣੀ ਦੇ ਉੱਪਰ ਬਣਦਾ ਹੈ। ਇਸ ਲਈ ਇਹ ਤੇਜ਼ੀ ਨਾਲ ਬਣਦਾ ਹੈ ਅਤੇ ਜਲਦੀ ਹੀ ਖਤਮ ਹੋ ਜਾਂਦਾ ਹੈ।

Vandana

This news is Content Editor Vandana