ਇਟਲੀ ਤੋਂ ਉੱਠੀ 8 ਸਾਲਾ ਬੱਚੀ ਦੇ ਬਲਾਤਕਾਰੀਆਂ ਨੂੰ ਸਖਤ ਸਜ਼ਾ ਦੇਣ ਦੀ ਮੰਗ

04/19/2018 8:31:34 AM

ਮਿਲਾਨ,(ਸਾਬੀ ਚੀਨੀਆ)—  ਇਟਲੀ ਰਹਿੰਦੇ ਪੰਜਾਬੀਆਂ ਵੱਲੋਂ 8 ਸਾਲ ਦੀ ਛੋਟੀ ਜਿਹੀ ਬੱਚੀ ਆਸਿਫਾ ਦਾ ਬਚਪਨ ਖੋਹ ਲੈਣ ਵਾਲੇ ਬਲਾਤਕਾਰੀਆਂ ਨੂੰ ਸਖਤ ਸਜ਼ਾ ਦੇਣ ਲਈ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਬਲਾਤਕਾਰੀਆਂ ਨੂੰ ਚੌਂਕ ਵਿਚ ਖੜ੍ਹੇ ਕਰਕੇ ਫਾਹੇ ਲਗਾਏ ਜਾਣ। ਬੱਚੀ ਲਈ ਇਨਸਾਫ ਦੀ ਮੰਗ ਉਠਾਉਣ ਵਾਲਿਆਂ 'ਚ ਨੌਜਵਾਨ ਸਭਾ ਲੀਦੋ ਦੀ ਪਿੰਨੀ, ਸ਼ਹੀਦ ਉਧਮ ਸਿੰਘ ਕਲੱਬ ਇਟਲੀ ਅਤੇ ਆਰੇਸੋ ਜ਼ਿਲੇ ਨਾਲ ਸੰਬੰਧਤ ਜੱਥੇਬੰਦੀਆਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਿਹੇ ਦਰਿੰਦਿਆਂ ਨੂੰ ਘਟਨਾ ਤੋਂ ਤਰੁੰਤ ਬਾਅਦ ਫਾਂਸੀ ਲਗਾ ਦੇਣੀ ਚਾਹੀਦੀ ਸੀ ਤਾਂ ਜੋ ਭਵਿੱਖ ਵਿਚ ਅਜਿਹਾ ਕਰਨਾ ਤਾਂ ਕੀ ਕੋਈ ਸੋਚ ਵੀ ਨਾ ਸਕੇ। ਉਨ੍ਹਾਂ ਕਿਹਾ ਕਿ ਬੱਚੀਆਂ ਦੀ ਸੁਰੱਖਿਆ ਲਈ ਸਰਕਾਰ ਨੂੰ ਖਾਸ ਕਦਮ ਚੁੱਕਣ ਦੀ ਜ਼ਰੂਰਤ ਹੈ।
ਆਸਿਫਾ ਲਈ ਇਨਸਾਫ ਮੰਗਣ ਵਾਲਿਆਂ ਦਾ ਕਹਿਣਾ ਹੈ ਕਿ ਜੇ ਭਾਰਤ ਸਰਕਾਰ ਨੇ ਇਸ ਮਾਮਲੇ 'ਚ ਤੁਰੰਤ ਕਾਰਵਾਈ ਕਰਦਿਆਂ ਦੋਸ਼ੀਆਂ ਨੂੰ ਸਜ਼ਾ ਨਾ ਦਿੱਤੀ ਤਾਂ ਆਉਦੇ ਦਿਨਾਂ 'ਚ ਭਾਰਤੀ ਅੰਬੈਸੀਆਂ ਦੇ ਸਾਹਮਣੇ ਧਰਨੇ ਵੀ ਲਾਏ ਜਾਣਗੇ । ਦੱਸਣਯੋਗ ਹੈ ਕਿ ਇਸ ਪੂਰੇ ਮਾਮਲੇ ਨੂੰ ਭਾਰਤੀ ਮੀਡੀਏ ਵੱਲੋਂ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਵਿਦੇਸ਼ੀ ਮੀਡੀਆ ਭਾਰਤ ਸਰਕਾਰ ਦੀ ਕਾਰਗੁਜ਼ਾਰੀ 'ਤੇ ਉਂਗਲਾਂ ਉਠਾ ਰਿਹਾ ਹੈ ਜੋ ਕਿ ਦੇਸ਼ ਵਾਸੀਆਂ ਲਈ ਨਮੋਸ਼ੀ ਦਾ ਕਾਰਨ ਬਣ ਰਿਹਾ ਹੈ।