ਨੇਪਾਲ ''ਚ ਭੰਗ ਨੂੰ ਕਾਨੂੰਨੀ ਮਾਨਤਾ ਦੇਣ ਦੀ ਮੰਗ

02/13/2020 12:06:08 AM

ਕਾਠਮੰਡੂ - ਨੇਪਾਲ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਆਫ ਨੇਪਾਲ ਦੇ ਇਨ੍ਹਾਂ ਸੰਸਦ ਮੈਂਬਰਾਂ ਮੁਤਾਬਕ ਨੇਪਾਲ ਵਿਚ ਰਵਾਇਤੀ ਤੌਰ 'ਤੇ ਭੰਗ ਦਾ ਇਸਤੇਮਾਲ ਹੋ ਰਿਹਾ ਹੈ। ਉਨ੍ਹਾਂ ਦੀ ਦਲੀਲ ਹੈ ਕਿ ਜਦ ਪੱਛਮੀ ਦੇਸ਼ਾਂ ਨੇ ਭੰਗ ਤੋਂ ਪਾਬੰਦੀ ਹਟਾ ਦਿੱਤੀ ਹੈ ਤਾਂ ਫਿਰ ਨੇਪਾਲ ਕਿਉਂ ਪਿੱਛੇ ਰਹੇ। ਸੰਸਦ ਵਿਚ ਸੰਸਦ ਮੈਂਬਰਾਂ ਵੱਲੋਂ ਸਰਕਾਰ ਦੇ ਸਾਹਮਣੇ ਇਹ ਪ੍ਰਸਤਾਵ ਮਕਾਵਨਪੁਰ ਤੋਂ ਸੰਸਦ ਮੈਂਬਰ ਬਿਰੋਧ ਖਾਤੀਵਾਡ਼ਾ ਨੇ ਰੱਖਿਆ ਹੈ।

ਨੇਪਾਲ ਕਮਿਊਨਿਸਟ ਪਾਰਟੀ ਦੇ ਸੰਸਦ ਮੈਂਬਰ ਬਿਰੋਧ ਖਾਤੀਵਾਡ਼ਾ ਮੁਤਾਬਕ ਭੰਗ ਦੇ ਉਤਪਾਦਨ ਅਤੇ ਇਸਤੇਮਾਲ ਨੂੰ ਕਾਨੂੰਨੀ ਬਣਾਉਣ ਦਾ ਪ੍ਰਸਤਾਵ ਲਿਆਂਦਾ ਗਿਆ ਹੈ। ਉਨ੍ਹਾਂ ਨੇ ਆਖਿਆ ਕਿ ਹਿਮਾਲਿਆ 'ਤੇ ਵਸਿਆ ਪਹਾਡ਼ੀ ਦੇਸ਼ ਭੰਗ ਦੀ ਫਸਲ ਲਈ ਉਚਿਤ ਹੈ। ਇਹ ਕਾਨੂੰਨ ਗਰੀਬ ਕਿਸਾਨਾਂ ਨੂੰ ਭੰਗ ਉਗਾਉਣ ਦੀ ਇਜਾਜ਼ਤ ਦੇਵੇਗਾ। ਖਾਤੀਵਾਡ਼ਾ ਮੁਤਾਬਕ, ਭੰਗ ਜਾਂ ਮਾਰੀਜੁਆਨਾ ਨੂੰ ਕਾਨੂੰਨੀ ਕਰਨ ਨਾਲ ਗਰੀਬ ਕਿਸਾਨਾਂ ਦੀ ਮਦਦ ਹੋਵੇਗੀ। ਜਿਨ੍ਹਾਂ ਪੱਛਮੀ ਦੇਸ਼ਾਂ ਨੇ ਪਹਿਲਾਂ ਇਸ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਉਨ੍ਹਾਂ ਨੇ ਹੁਣ ਇਸ ਨੂੰ ਕਾਨੂੰਨੀ ਕਰਾਰ ਦਿੱਤਾ ਹੈ। ਇਸ ਲਈ ਨੇਪਾਲ ਨੂੰ ਵੀ ਪਾਬੰਦੀ ਹਟਾ ਦੇਣੀ ਚਾਹੀਦੀ ਹੈ। ਮਕਾਵਨਪੁਰ ਨੇਪਾਲ ਦੇ ਉਨ੍ਹਾਂ ਇਲਾਕਿਆਂ ਵਿਚ ਸ਼ਾਮਲ ਹੈ ਜਿਥੇ ਭੰਗ ਦੀ ਖੇਤੀ ਗੈਰ-ਕਾਨੂੰਨੀ ਤਰੀਕੇ ਨਾਲ ਹੁੰਦੀ ਹੈ ਇਸਲਈ ਖਾਤੀਵਾਡ਼ਾ ਉਥੇ ਇਸ ਦੀ ਖੇਤੀ ਨੂੰ ਕਾਨੂੰਨੀ ਕਰ ਕਿਸਾਨਾਂ ਦੀਆਂ ਮੁਸ਼ਕਿਲਾਂ ਦੂਰ ਕਰਨਾ ਚਾਹੁੰਦੇ ਹਨ। ਖਾਤੀਵਾਡ਼ਾ ਮੁਤਾਬਕ ਭੰਗ ਦੇ ਉਤਪਾਦਨ ਨਾਲ ਦੇਸ਼ ਵਿਚ ਹੀ ਇਸ ਦੀਆਂ ਦਵਾਈਆਂ ਬਣਾਈਆਂ ਜਾ ਸਕਣਗੀਆਂ ਅਤੇ ਵਿਦੇਸ਼ਾਂ ਵਿਚ ਇਸ ਦਾ ਨਿਰਯਾਤ ਕੀਤਾ ਜਾ ਸਕੇਗਾ।

ਕੀ ਹੈ ਭੰਗ ਜਾਂ ਮਾਰੀਜੁਆਨਾ
ਭੰਗ ਨਸ਼ੀਲਾ ਪਦਾਰਥ ਹੈ। ਇਸ ਦਾ ਇਸਤੇਮਾਲ ਸਾਇਕੋਐਕਟਿਵ ਡਰੱਗ ਦੇ ਰੂਪ ਵਿਚ ਕੀਤਾ ਜਾਂਦਾ ਹੈ। ਇਹ ਭੰਗ ਦੇ ਪੌਦੇ ਦੇ ਫੁਲ, ਪੱਤੀਆਂ ਅਤੇ ਤਣਾਂ ਨੂੰ ਖੋਲ ਕੇ ਬਣਾਇਆ ਜਾਂਦਾ ਹੈ। ਭੰਗ ਦਾ ਕਿਸੇ ਵੀ ਤਰੀਕਾ ਨਾਲ ਇਸਤੇਮਾਲ ਨਾਰਕੋਟਿਕ ਡਰੱਗ ਕੰਟਰੋਲ ਐਕਟ ਦੇ ਤਹਿਤ ਪੂਰੀ ਤਰ੍ਹਾਂ ਨਾਲ ਬੈਨ ਹੈ। ਭੰਗ ਦੁਨੀਆ ਵਿਚ ਸਭ ਤੋਂ ਜ਼ਿਆਦਾ ਗਲਤ ਇਸਤੇਮਾਲ ਕੀਤੇ ਜਾਣ ਵਾਲਾ ਗਲਤ ਨਸ਼ੀਲਾ ਪਦਾਰਥ ਹੈ, ਜਿਸ ਦੀ ਦੁਨੀਆ ਭਰ ਵਿਚ ਵੱਡੇ ਪੈਮਾਨੇ 'ਤੇ ਤਸਕਰੀ ਕੀਤੀ ਜਾਂਦੀ ਹੈ।

ਕਿਸ ਦੇਸ਼ ਵਿਚ ਹੈ ਭੰਗ ਕਾਨੂੰਨੀ
ਕੈਨੇਡਾ, ਜਾਰਜ਼ੀਆ, ਦੱਖਣੀ ਅਫਰੀਕਾ ਅਤੇ ਅਮਰੀਕਾ ਦੇ 11 ਰਾਜਾਂ ਵਿਚ ਭੰਗ ਵੇਚਣਾ ਅਤੇ ਖਰੀਦਣਾ ਕਾਨੂੰਨੀ ਹੈ। ਉਥੇ ਜਰਮਨੀ, ਨੀਦਰਲੈਂਡ, ਸਾਇਪਰਸ ਅਤੇ ਗ੍ਰੀਸ ਜਿਹੇ ਕਰੀਬ 24 ਦੇਸ਼ਾਂ ਵਿਚ ਦਵਾਈ ਦੇ ਰੂਪ ਵਿਚ ਭੰਗ ਦਾ ਇਸਤੇਮਾਲ ਕਾਨੂੰਨੀ ਹੈ। ਹਾਲਾਂਕਿ ਨੇਪਾਲ ਵਿਚ ਮੌਜੂਦਾ ਕਾਨੂੰਨ ਵਿਚ ਬਦਲਾਅ ਕਰਨ ਤੋਂ ਪਹਿਲਾਂ ਇਸ ਪ੍ਰਸਤਾਵ 'ਤੇ ਸੰਸਦ ਵਿਚ ਬਹਿਸ ਹੋਣੀ ਹੈ।

ਸਾਲ 1960 ਦੇ ਦਹਾਕੇ ਤੱਕ ਨੇਪਾਲ ਵਿਚ ਭੰਗ ਅਤੇ ਬਾਕੀ ਨਸ਼ੀਲੇ ਪਦਾਰਥਾਂ ਨੂੰ ਕਾਨੂੰਨੀ ਤਰੀਕੇ ਨਾਲ ਵੇਚਿਆ ਜਾਂਦਾ ਸੀ। ਉਸ ਦੌਰ ਵਿਚ ਨੇਪਾਲ ਨੂੰ ਹਿੱਪੀਆਂ ਦਾ ਦੇਸ਼ ਆਖਿਆ ਜਾਂਦਾ ਸੀ। ਦੁਕਾਨਾਂ ਹੋਣ ਜਾਂ ਚਾਹ ਦੇ ਠੇਲੇ ਭੰਗ ਹਰ ਥਾਂ ਉਪਲੱਬਧ ਸੀ ਪਰ 1976 ਵਿਚ ਨਾਰਕੋਟਿਕ ਡਰੱਗ ਕੰਟਰੋਲ ਐਕਟ ਤਹਿਤ ਭੰਗ ਨੂੰ ਉਗਾਉਣ ਅਤੇ ਵੇਚਣ 'ਤੇ ਪਾਬੰਦੀ ਲਾ ਦਿੱਤੀ ਗਈ। ਇਸਤੇਮਾਲ ਕਰਨ ਵਾਲਿਆਂ ਨੂੰ ਇਕ ਮਹੀਨੇ ਦੀ ਜੇਲ ਅਤੇ ਤਸਕਰਾਂ ਨੂੰ 10 ਸਾਲ ਤੱਕ ਦੀ ਸਜ਼ਾ ਦਾ ਪ੍ਰਾਵਧਾਨ ਇਸ ਕਾਨੂੰਨ ਵਿਚ ਹੈ। ਨੇਪਾਲ ਵਿਚ ਭੰਗ ਦਾ ਇਸਤੇਮਾਲ ਪੀਡ਼ੀਆਂ ਤੋਂ ਕੀਤਾ ਜਾ ਰਿਹਾ ਹੈ। ਇੰਨੇ ਸਾਲਾਂ ਤੋਂ ਗੈਰ-ਕਾਨੂੰਨੀ ਹੋਣ ਦੇ ਬਾਵਜੂਦ ਨੇਪਾਲ ਵਿਚ ਹਿੰਦੂਆਂ ਦੇ ਭਗਵਾਨ ਸ਼ਿਵ ਦੇ ਤਿਓਹਾਰ ਦੇ ਦਿਨ ਭੰਗ ਦਾ ਖੁਲ੍ਹੇ ਤੌਰ 'ਤੇ ਇਸਤੇਮਾਲ ਕਰਦੇ ਦੇਖਿਆ ਜਾ ਸਕਦਾ ਹੈ।

Khushdeep Jassi

This news is Content Editor Khushdeep Jassi