ਚੀਨ ਦੇ 18 ਸੂਬਿਆਂ ’ਚ ਡੈਲਟਾ ਵੇਰੀਏਂਟ ਦਾ ਕਹਿਰ, ਬੀਜਿੰਗ ’ਚ ਜਹਾਜ਼ਾਂ ਤੇ ਟ੍ਰੇਨਾਂ ਦੀ ਐਂਟਰੀ ’ਤੇ ਬੈਨ

08/03/2021 11:41:48 AM

ਬੀਜਿੰਗ (ਬਿਊਰੋ)– ਚੀਨ ਦੇ 18 ਸੂਬਿਆਂ ’ਚ ਕੋਰੋਨਾ ਵਾਇਰਸ ਦੇ ਬੇਹੱਦ ਖ਼ਤਰਨਾਕ ਡੈਲਟਾ ਵੇਰੀਏਂਟ ਦੇ ਪ੍ਰਸਾਰ ਤੇ ਐਤਵਾਰ ਨੂੰ ਰਾਜਧਾਨੀ ਬੀਜਿੰਗ ’ਚ ਸਾਹਮਣੇ ਆਏ ਨਵੇਂ ਮਾਮਲਿਆਂ ਨੇ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਦੀ ਰਿਪੋਰਟ ਮੁਤਾਬਕ ਚੀਨ ਦੇ ਘੱਟ ਤੋਂ ਘੱਟ 18 ਸੂਬਿਆਂ ’ਚ ਪਿਛਲੇ 10 ਦਿਨਾਂ ’ਚ ਵਾਇਰਸ ਦੇ 300 ਘਰੇਲੂ ਮਾਮਲੇ ਸਾਹਮਣੇ ਆਏ ਹਨ, ਜਿਸ ਨੇ ਇਕ ਵਾਰ ਮੁੜ ਕੋਵਿਡ-19 ਨੂੰ ਲੈ ਕੇ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਚੀਨ ਨੇ ਮਹੀਨਿਆਂ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਵਾਇਰਸ ਦੇ ਪ੍ਰਸਾਰ ਦੀ ਰੋਕਥਾਮ ਕੀਤੀ ਸੀ।

ਹਾਲ ਦੇ ਦਿਨਾਂ ’ਚ 18 ਸੂਬਿਆਂ ਦੇ 27 ਸ਼ਹਿਰਾਂ ’ਚ ਵਾਇਰਸ ਦੇ 300 ਤੋਂ ਵੱਧ ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ’ਚ ਬੀਜਿੰਗ, ਜਿਆਂਗਸੂ, ਤੇ ਸਿਚੁਆਨ ਵੀ ਸ਼ਾਮਲ ਹਨ। ਐਤਵਾਰ ਨੂੰ ਮੱਧ ਤੇ ਉੱਚ ਜੋਖਮ ਵਾਲੇ ਖੇਤਰਾਂ ਦੀ ਗਿਣਤੀ ਵੱਧ ਕੇ 95 ਤਕ ਪਹੁੰਚ ਗਈ, ਜਿਨ੍ਹਾਂ ’ਚ 91 ਮੱਧ ਜੋਖਮ ਵਾਲੇ ਤੇ ਚਾਰ ਉੱਚ ਜੋਖਮ ਵਾਲੇ ਖੇਤਰ ਸ਼ਾਮਲ ਹਨ। ਇਕ ਬੁਲਾਰੇ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਬੀਜਿੰਗ ’ਚ ਐਤਵਾਰ ਨੂੰ ਦੋ ਲੋਕਾਂ ’ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ, ਜਦਕਿ ਇਕ ਬਿਨਾਂ ਲੱਛਣ ਵਾਲਾ ਮਰੀਜ਼ ਵੀ ਸਾਹਮਣੇ ਆਇਆ। ਤਿੰਨੇ ਲੋਕ ਇਕੋ ਪਰਿਵਾਰ ਦੇ ਹਨ ਤੇ ਹਾਲ ਹੀ ’ਚ ਹੁਨਾਨ ਸੂਬੇ ਦੇ ਝਾਂਗਜਿਆਜੀ ਦੀ ਯਾਤਰਾ ਤੋਂ ਪਰਤੇ ਹਨ, ਜਿਥੇ ਹਾਲ ਹੀ ’ਚ ਵਾਇਰਸ ਦਾ ਪ੍ਰਕੋਪ ਦੇਖਿਆ ਗਿਆ ਹੈ।

ਬੀਜਿੰਗ ਰੋਗ ਕੰਟਰੋਲ ਕੇਂਦਰ ਨੇ ਆਪਣੇ ਨਤੀਜਿਆਂ ’ਚ ਇਨ੍ਹਾਂ ਤਿੰਨਾਂ ਮਰੀਜ਼ਾਂ ਨੂੰ ਵਾਇਰਸ ਦੇ ਡੈਲਟਾ ਵੇਰੀਏਂਟ ਦੀ ਚਪੇਟ ’ਚ ਪਾਇਆ ਹੈ। ਬੀਜਿੰਗ ਨਗਰ ਨਿਗਮ ਸਰਕਾਰ ਨੇ ਐਤਵਾਰ ਨੂੰ ਕਿਹਾ ਕਿ ਕੋਵਿਡ-19 ਦੇ ਪ੍ਰਕੋਪ ਵਾਲੇ ਖੇਤਰਾਂ ਤੋਂ ਆਉਣ ਵਾਲੇ ਲੋਕਾਂ, ਵਾਹਨਾਂ, ਜਹਾਜ਼ਾਂ ਤੇ ਟ੍ਰੇਨਾਂ ਦੇ ਬੀਜਿੰਗ ’ਚ ਦਾਖ਼ਲੇ ’ਤੇ ਰੋਕ ਲਗਾਈ ਜਾ ਰਹੀ ਹੈ। ਅਧਿਕਾਰਕ ਮੀਡੀਆ ਨੇ ਦੱਸਿਆ ਕਿ ਚੀਨੀ ਸੀ. ਡੀ. ਸੀ. ਨੇ ਮਾਮਲਿਆਂ ਦੀ ਤੁਲਨਾ ਨਾਨਜਿੰਗ ਦੇ ਮਾਮਲਿਆਂ ਨਾਲ ਕੀਤੀ ਤੇ ਦੇਖਿਆ ਕਿ ਉਹ ਇਕ ਹੀ ਇੰਫੈਕਸ਼ਨ ਚੇਨ ਦੇ ਹਨ। ਚੀਨ ’ਚ ਵਾਇਰਸ ਦੀ ਇਹ ਨਵੀਂ ਲਹਿਰ ਨਾਨਜਿੰਗ ਦੇ ਲੁਕੋ ਇੰਟਰਨੈਸ਼ਨਲ ਏਅਰਪੋਰਟ ਦੇ ਸਫਾਈ ਕਰਮੀਆਂ ਨਾਲ ਜੁੜੀ ਹੈ। ਇਨ੍ਹਾਂ ਦੇ ਪਾਜ਼ੇਟਿਵ ਹੋਣ ਤੋਂ ਬਾਅਦ ਇਹ ਦੇਖਦੇ ਹੀ ਦੇਖਦੇ ਬਾਕੀ ਹਿੱਸਿਆਂ ਤਕ ਪਹੁੰਚ ਗਿਆ।

ਜ਼ਿਕਰਯੋਗ ਹੈ ਕਿ ਨਾਨਜਿੰਗ ਸ਼ਹਿਰ ਦੀ ਸਥਿਤੀ ਵੁਹਾਨ ਤੋਂ ਵੀ ਜ਼ਿਆਦਾ ਖਰਾਬ ਹੋ ਗਈ ਹੈ। ਸਥਾਨਕ ਮੀਡੀਆ ਮੁਤਾਬਕ 11 ਅਗਸਤ ਤਕ ਲਈ ਨਾਨਜਿੰਗ ਏਅਰਪੋਰਟ ਤੋਂ ਜਾਣ ਵਾਲੀਆਂ ਸਾਰੀਆਂ ਉਡਾਨਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਸ਼ਹਿਰ ਭਰ ’ਚ ਆਪਣੀ ਨਾਕਾਮੀ ਦੀ ਆਲੋਚਨਾ ਵਿਚਾਲੇ ਕੋਰੋਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਹਿਰ ਦੇ ਸਾਰੇ 93 ਲੱਖ ਲੋਕਾਂ ਤੇ ਇਥੋਂ ਦੀ ਯਾਤਰਾ ਕਰਨ ਵਾਲਿਆਂ ਦੀ ਜਾਂਚ ਕੀਤੀ ਜਾਵੇਗੀ। ਸੋਸ਼ਲ ਮੀਡੀਆ ’ਤੇ ਜਾਰੀ ਪੋਸਟ ’ਚ ਪਤਾ ਲੱਗ ਰਿਹਾ ਹੈ ਕਿ ਇਥੋਂ ਦੇ ਲੋਕਾਂ ਨੂੰ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸ਼ਹਿਰ ਦੇ ਲੋਕ ਮਾਸਕ ਲਗਾ ਕੇ ਇਕ ਮੀਟਰ ਦੀ ਦੂਰੀ ’ਤੇ ਲੰਮੀਆਂ-ਲੰਮੀਆਂ ਲਾਈਨਾਂ ਲਗਾ ਰਹੇ ਹਨ ਤੇ ਆਪਸ ’ਚ ਗੱਲ ਕਰਨ ਤੋਂ ਬਚ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh