ਦਿੱਲੀ-ਐੱਨ.ਸੀ.ਆਰ. ''ਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਐਮਰਜੈਂਸੀ ਯੋਜਨਾ ਲਾਗੂ

10/15/2018 8:27:57 PM

ਨਵੀਂ ਦਿੱਲੀ (ਭਾਸ਼ਾ)– ਦਿੱਲੀ-ਐੱਨ. ਸੀ. ਆਰ. ਵਿਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਇਕ ਐਮਰਜੈਂਸੀ ਯੋਜਨਾ ਸੋਮਵਾਰ ਨੂੰ ਲਾਗੂ ਕੀਤੀ ਗਈ, ਜਿਸ 'ਚ ਮਸ਼ੀਨਾਂ ਨਾਲ ਸੜਕਾਂ ਦੀ ਸਫਾਈ ਅਤੇ ਇਸ ਖੇਤਰ ਦੇ ਭੀੜ-ਭੜੱਕੇ ਵਾਲੇ ਇਲਾਕਿਆਂ 'ਚ ਵਾਹਨਾਂ ਦੀ ਸੁਚਾਰੂ ਆਵਾਜਾਈ ਲਈ ਟ੍ਰੈਫਿਕ ਪੁਲਸ ਦੀ ਤਾਇਨਾਤੀ ਵਰਗੇ ਉਪਰਾਲੇ ਸ਼ਾਮਲ ਹੋਣਗੇ।

ਚੋਟੀ ਦੀ ਅਦਾਲਤ ਤੋਂ ਅਧਿਕਾਰ ਪ੍ਰਾਪਤ ਵਾਤਾਵਰਣ ਪ੍ਰਦੂਸ਼ਣ (ਰੋਕਥਾਮ ਅਤੇ ਕੰਟਰੋਲ) ਅਥਾਰਟੀ ਦੀ ਇਕ ਮੈਂਬਰ ਅਨੁਮਿਤਾ ਰਾਏ ਚੌਧਰੀ ਨੇ ਕਿਹਾ ਕਿ 'ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ' (ਜੀ. ਆਰ. ਏ. ਪੀ.) ਦੇ ਤਹਿਤ ਜਨਰੇਟਰਾਂ ਦੀ ਵਰਤੋਂ 'ਤੇ ਪਾਬੰਦੀ ਲਾਈ ਗਈ ਹੈ ਪਰ ਇਨ੍ਹਾਂ 'ਤੇ ਐੱਨ.ਸੀ.ਆਰ. 'ਚ ਪਾਬੰਦੀ ਨਹੀਂ ਹੋਵੇਗੀ ਕਿਉਂਕਿ ਖੇਤਰ 'ਚ ਬਿਜਲੀ ਸਪਲਾਈ ਦੀ ਸਥਿਤੀ ਮਾੜੀ ਹੈ। ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਇਸ ਯੋਜਨਾ ਨੂੰ ਲਾਗੂ ਕੀਤਾ ਗਿਆ ਹੈ। ਪ੍ਰਦੂਸ਼ਣ ਦਾ ਪੱਧਰ 'ਬਹੁਤ ਖਰਾਬ' ਹੋਣਾ ਸ਼ੁਰੂ ਹੋ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਇਕ ਅਧਿਕਾਰੀ ਨੇ ਕਿਹਾ ਕਿ ਜੇਕਰ ਹਵਾ ਪ੍ਰਦੂਸ਼ਣ ਦੀ ਸਥਿਤੀ ਹੋਰ ਵਿਗੜ ਕੇ 'ਬਹੁਤ ਖਰਾਬ' ਸ਼੍ਰੇਣੀ 'ਚ ਜਾਂਦੀ ਹੈ ਤਾਂ ਪਾਰਕਿੰਗ ਫੀਸ 3 ਤੋਂ 4 ਗੁਣਾ ਵਧਾਉਣ ਅਤੇ ਮੈਟਰੋ ਅਤੇ ਬੱਸਾਂ ਦੇ ਫੇਰੇ ਵਧਾਉਣ ਵਰਗੇ ਵਾਧੂ ਉਪਰਾਲੇ ਕੀਤੇ ਜਾਣਗੇ।

ਜੇਕਰ ਹਵਾ ਪ੍ਰਦੂਸ਼ਣ 'ਗੰਭੀਰ' ਸ਼੍ਰੇਣੀ 'ਚ ਚਲਾ ਜਾਂਦਾ ਹੈ ਤਾਂ ਸੜਕਾਂ 'ਤੇ ਪਾਣੀ ਦਾ ਵਾਰ-ਵਾਰ ਛਿੜਕਾਅ ਅਤੇ ਜ਼ਿਆਦਾ ਧੂੜ ਵਾਲੇ ਰਸਤਿਆਂ ਦੀ ਪਛਾਣ ਵਰਗੇ ਉਪਰਾਲੇ ਲਾਗੂ ਹੋਣਗੇ। ਇਸ ਤੋਂ ਬਾਅਦ ਵੀ ਜੇਕਰ ਹਵਾ ਗੁਣਵੱਤਾ 'ਗੰਭੀਰ ਤੋਂ ਜ਼ਿਆਦਾ' ਸ਼੍ਰੇਣੀ 'ਚ ਚਲੀ ਜਾਂਦੀ ਹੈ ਤਾਂ ਦਿੱਲੀ 'ਚ ਟਰੱਕਾਂ ਦਾ ਦਾਖਲਾ ਰੋਕਣ, ਨਿਰਮਾਣ ਕੰਮਾਂ 'ਤੇ ਰੋਕ ਅਤੇ ਹੋਰ ਕਦਮਾਂ 'ਤੇ ਫੈਸਲਾ ਕਰਨ ਲਈ ਕਿਰਤ ਬਲ ਦੀ ਨਿਯੁਕਤੀ ਵਰਗੇ ਉਪਰਾਲੇ ਕੀਤੇ ਜਾਣਗੇ।