ਦਿੱਲੀ ਧਮਾਕਾ: ਇਜ਼ਰਾਇਲੀ PM ਨੇ ਕਿਹਾ- ''ਸਾਨੂੰ ਭਾਰਤ ''ਤੇ ਪੂਰਾ ਭਰੋਸਾ''

01/30/2021 10:03:47 AM

ਯੇਰੂਸ਼ਲਮ- ਨਵੀਂ ਦਿੱਲੀ ਸਥਿਤ ਇਜ਼ਰਾਇਲੀ ਦੂਤਘਰ ਕੋਲ ਸ਼ੁੱਕਰਵਾਰ ਸ਼ਾਮ ਨੂੰ ਧਮਾਕਾ ਹੋਇਆ। ਧਮਾਕੇ ਨੂੰ ਲੈ ਕੇ ਭਾਰਤ ਤੇ ਇਜ਼ਰਾਇਲ ਨੇ ਆਪਸ ਵਿਚ ਗੱਲਬਾਤ ਕੀਤੀ ਹੈ। ਇਹ ਧਮਾਕਾ ਉਸ ਸਮੇਂ ਹੋਇਆ ਜਦ ਦੋਹਾਂ ਦੇਸ਼ਾਂ ਵਿਚਕਾਰ ਡਿਪਲੋਮੈਟਿਕ ਸਬੰਧਾਂ ਦੀ 29ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ। ਹਾਲਾਂਕਿ ਧਮਾਕੇ ਦੇ ਬਾਅਦ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਸਾਨੂੰ ਭਾਰਤ 'ਤੇ ਪੂਰਾ ਭਰੋਸਾ ਹੈ। 

 

ਇਹ ਧਮਾਕਾ ਦਿੱਲੀ ਸਥਿਤ ਇਜ਼ਰਾਇਲੀ ਦੂਤਘਰ ਤੋਂ 150 ਮੀਟਰ ਦੀ ਦੂਰੀ 'ਤੇ ਹੋਇਆ। ਪੂਰੀ ਘਟਨਾ ਬਾਰੇ ਭਾਰਤ ਵਲੋਂ ਇਜ਼ਰਾਇਲ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਧਮਾਕੇ ਤੋਂ ਕੁਝ ਦੇਰ ਪਹਿਲਾਂ ਹੀ ਇਜ਼ਰਾਇਲ ਵਲੋਂ ਭਾਰਤ ਤੇ ਇਜ਼ਰਾਇਲ ਵਿਚਕਾਰ ਡਿਪਲੋਮੈਟਿਕ ਸਬੰਧਾਂ ਨੂੰ 29 ਸਾਲ ਹੋਣ 'ਤੇ ਵਧਾਈ ਦਿੱਤੀ ਗਈ ਸੀ। ਟਵੀਟ ਦੇ ਨਾਲ ਵੀਡੀਓ ਵੀ ਪੋਸਟ ਕੀਤੀ ਗਈ ਸੀ, ਜਿਸ ਵਿਚ ਦੋਹਾਂ ਦੇਸ਼ਾਂ ਵਿਚਕਾਰ ਚੰਗੇ ਸਬੰਧਾਂ ਦਾ ਜ਼ਿਕਰ ਕੀਤਾ ਗਿਆ ਸੀ। 

ਅਧਿਕਾਰੀਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਆਪਣੇ ਹਮਰੁਤਬਾ ਪੀ. ਐੱਮ. ਮੋਦੀ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਭਾਰਤੀ ਅਧਿਕਾਰੀ ਘਟਨਾ ਦੀ ਪੂਰੀ ਜਾਂਚ ਕਰਨਗੇ ਅਤੇ ਇਜ਼ਰਾਇਲੀਆਂ ਤੇ ਯਹੂਦੀਆਂ ਦੀ ਸੁਰੱਖਿਆ ਸੁਨਿਸ਼ਚਿਤ ਕਰਨਗੇ। 

ਇਸ ਦੇ ਇਲਾਵਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਇਜ਼ਰਾਇਲ ਵਿਚ ਆਪਣੇ ਹਮਰੁਤਬਾ ਮੇਰ ਬੇਨ-ਸ਼ਾਬਤ ਨਾਲ ਗੱਲ ਕੀਤੀ। ਪੂਰੇ ਘਟਨਾਕ੍ਰਮ ਨੂੰ ਲੈ ਕੇ ਇਜ਼ਰਾਇਲ ਨੂੰ ਜਾਣਕਾਰੀ ਦਿੱਤੀ ਗਈ। 

Lalita Mam

This news is Content Editor Lalita Mam