ਬ੍ਰਿਸਬੇਨ: ਲੀਡਰ ਇੰਸਟੀਚਿਊਟ ਨੇ ਕਨਵੋਕੇਸ਼ਨ 'ਚ ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ, PM ਨੇ ਦਿੱਤੀ ਵਧਾਈ

11/20/2021 9:59:06 AM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਲੀਡਰ ਇੰਸਟੀਚਿਊਟ ਬ੍ਰਿਸਬੇਨ ਆਸਟ੍ਰੇਲੀਆ ਵੱਲੋਂ ਐਗਰੀ ਬਿਜ਼ਨੈੱਸ ਅਤੇ ਅਕਾਊਂਟਿੰਗ ਦੇ ਖੇਤਰ 'ਚ ਤਿੰਨ ਸਾਲ ਦੇ ਡਿਗਰੀ ਕੋਰਸ ਨੂੰ ਪਾਸ ਕਰ ਚੁੱਕੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨ ਲਈ ਕਾਲਜ ਦੀ ਪਲੇਠੀ ਕਨਵੋਕੇਸ਼ਨ ਕਰਵਾਈ ਗਈ। ਇਸ ਦੌਰਾਨ ਮੁੱਖ ਮਹਿਮਾਨ ਸੈਨੇਟਰ ਅਮੈਡਾ ਸਟੋਕਰ ਸਹਾਇਕ ਮੰਤਰੀ ਅਟਾਰਨੀ ਜਨਰਲ ਅਤੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਵੱਲੋਂ ਵਧਾਈ ਸੰਦੇਸ਼ ਭੇਜ ਕੇ ਇੰਸਟੀਚਿਊਟ ਦੇ ਫਾਊਂਡਰ ਡਾ. ਬਰਨਾਰਡ ਮਲਿਕ ਦੀ ਅਗਵਾਈ ਹੇਠ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਲੀਡਰ ਇੰਸਟੀਚਿਊਟ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ।

ਇਸ ਮੌਕੇ ਲੀਡਰ ਇੰਸਟੀਚਿਊਟ ਦੇ ਫਾਊਂਡਰ ਡਾ. ਬਰਨਾਰਡ ਮਲਿਕ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਕਨਵੋਕੇਸ਼ਨ ਦੌਰਾਨ ਅਮੈਡਾ ਸਟੋਕਰ ਮੰਤਰੀ, ਡਾ. ਬਰਨਾਰਡ ਮਲਿਕ ਫਾਊਂਡਰ, ਜੋਅ ਕੈਲੀ ਡਿਪਟੀ ਸਪੀਕਰ ਕੁਈਨਜ਼ਲੈਂਡ ਪਾਰਲੀਮੈਂਟ, ਰੋਸ ਵਾਸਟਾ ਐੱਮ. ਪੀ., ਐਡਰੀਓ ਲੈਮਿੰਗ ਐੱਮ. ਪੀ., ਮਾਰਕ ਰੌਬੀਨਸਨ ਐੱਮ. ਪੀ., ਪ੍ਰੈਜ਼ੀਡੈਂਟ ਪ੍ਰੋ. ਗ੍ਰਾਂਟ ਪਿਟਮੈਨ, ਪ੍ਰੋ. ਜੈਨੀ ਸਟੀਵਰਟ, ਪਾਸਟਰ ਕ੍ਰਿਸ, ਪ੍ਰੋ ਹਰਵਿੰਦਰ ਸਿੰਘ, ਪ੍ਰੋ. ਹੈਰੀ, ਗਵਰਨਿੰਗ ਅਤੇ ਅਕੈਡਮਿਕ ਬੋਰਡ ਦੇ ਮੈਂਬਰਾਂ ਅਤੇ ਪਤਵੰਤਿਆਂ ਵੱਲੋਂ 35 ਹੋਣਹਾਰ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ।

ਸੈਨੇਟਰ ਤੇ ਮੰਤਰੀ ਅਮੈਡਾ ਸਟੋਕਰ, ਸੰਸਦ ਮੈਬਰਾਂ ਅਤੇ ਹੋਰ ਵੱਖ-ਵੱਖ ਬੁਲਾਰਿਆਂ ਵਲੋਂ ਇੰਸਟੀਚਿਊਟ ਦੇ ਫਾਊਂਡਰ ਡਾ. ਬਰਨਾਰਡ ਮਲਿਕ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਲੀਡਰ ਇੰਸਟੀਚਿਊਟ ਵੱਲੋਂ ਸਿੱਖਿਆ ਦੇ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਫੈਡਰਲ ਸਿੱਖਿਆ ਮੰਤਰੀ ਐਲਨ ਟੱਜ ਨੇ ਵੀ ਲੀਡਰ ਇੰਸਟੀਚਿਊਟ ਅਤੇ ਵਿਦਿਆਰਥੀਆਂ ਨੂੰ ਵੀਡੀਓ ਸੰਦੇਸ਼ ਰਾਹੀ ਉਨ੍ਹਾਂ ਦੇ ਡਿਗਰੀ ਪ੍ਰਾਪਤ ਕਰਨ 'ਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਦੇਸ਼ ਦੀ ਤਰੱਕੀ ਲਈ ਸਾਨੂੰ ਖੇਤੀ ਸੰਬੰਧੀ ਗਿਆਨ ਨੂੰ ਵੱਧ-ਵੱਧ ਲੋਕਾਂ ਤੱਕ ਪਹੁੰਚਾਉਣਾ ਸਮੇਂ ਦੀ ਮੁੱਖ ਮੰਗ ਹੈ। ਉਹਨਾਂ ਕਿਹਾ ਕਿ ਸਾਨੂੰ ਹਮੇਸ਼ਾ ਆਪਣੇ ਗਿਆਨ ਦੇ ਵਿਚ ਵਾਧਾ ਕਰਨ ਦੇ ਲਈ ਹਮੇਸ਼ਾ ਤਤਪਰ ਰਹਿਣਾ ਚਾਹੀਦਾ ਹੈ।

ਲੀਡਰ ਇੰਸਟੀਚਿਊਟ ਦੇ ਫਾਊਂਡਰ ਡਾ. ਬਰਨਾਰਡ ਮਲਿਕ ਨੇ ਵਿਦਿਆਰਥੀਆਂ ਨੂੰ ਜੋਰ ਦੇ ਕੇ ਆਖਿਆ ਕਿ ਸਖ਼ਤ ਮਿਹਨਤ, ਪੱਕੇ ਇਰਾਦੇ ਦਾ ਕੋਈ ਮੁੱਲ ਨਹੀਂ ਹੈ, ਇਸ ਤੋਂ ਬਗੈਰ ਅਸੀਂ ਸਫ਼ਲਤਾ ਦੀਆਂ ਉਚਾਈਆਂ ਹਾਸਲ ਨਹੀਂ ਕਰ ਸਕਦੇ। ਦੁਨੀਆ ਵਿਚ ਉਹਨਾਂ ਪਰਿਵਾਰਾਂ, ਸਮਾਜਿਕ ਭਾਈਚਾਰੇ ਤੇ ਦੇਸ਼ਾਂ ਨੇ ਤਰੱਕੀ ਅਤੇ ਵੱਖਰੀ ਪਹਿਚਾਣ ਬਣਾਈ ਹੈ ਜਿਨ੍ਹਾਂ ਨੇ ਗਿਆਨ ਦੇ ਨਾਲ ਆਪਣੀ ਸਾਂਝ ਪਾ ਕੇ ਸਮੇਂ ਨੂੰ ਹਾਣੀ ਬਣਾਇਆ ਹੈ। ਉਹਨਾਂ ਕਿਹਾ ਕਿ ਸਾਨੂੰ ਗਿਆਨ ਦੇ ਲਈ ਕਿਤਾਬਾਂ ਦੇ ਨਾਲ ਨੇੜਤਾ ਵਧਾਉਣੀ ਪਵੇਗੀ। ਇਸ ਮੌਕੇ ਬਰਨਾਰਡ ਮਲਿਕ, ਦਮਨ ਮਲਿਕ, ਸਤਵਿੰਦਰ ਟੀਨੂੰ, ਪ੍ਰੋ. ਹਰਵਿੰਦਰ ਸਿੰਘ, ਪ੍ਰੋ. ਹੈਰੀ, ਈਸਰੋ ਯਾਪਾ, ਵਿਵੀਅਨ ਲੋਵੋ, ਜਸਪਾਲ ਸੰਧੂ, ਹਰਜੀਤ ਭੁੱਲਰ, ਹਰਪ੍ਰੀਤ ਕੋਹਲੀ, ਬਲਵਿੰਦਰ ਮੋਰੋ, ਗੁਰਦੀਪ ਨਿੱਝਰ, ਅਮਰਜੀਤ ਸਿੰਘ ਮਾਹਲ, ਮਨਮੋਹਨ ਸਿੰਘ, ਇਸਟੀਚਿਊਟ ਦੇ ਸਟਾਫ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਦਿਆਰਥੀ ਤੇ ਪਤਵੰਤੇ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

cherry

This news is Content Editor cherry