ਮੈਟਿਸ ਦੇ ਅਸਤੀਫੇ ''ਚ ਨਵੇਂ ਰੱਖਿਆ ਮੰਤਰੀ ਸਾਹਮਣੇ ਚੁਣੌਤੀਆਂ ਦਾ ਵੀ ਜ਼ਿਕਰ

12/22/2018 2:47:49 PM

ਵਾਸ਼ਿੰਗਟਨ (ਏ.ਪੀ.)- ਅਮਰੀਕੀ ਰੱਖਿਆ ਮੰਤਰੀ ਜਿਮ ਮੈਟਿਸ ਦੇ ਅਸਤੀਫੇ ਨੂੰ ਟਰੰਪ ਦੇ ਨਾਲ ਦੋ ਸਾਲ ਦੇ ਕੰਮਕਾਜ ਦੀ ਨਿਰਾਸ਼ਾ ਦੇ ਨਤੀਜੇ ਵਜੋਂ ਦੇਖਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਮੈਟਿਸ ਦੇ ਉਤਰਾਧਿਕਾਰੀ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ 'ਤੇ ਵੀ ਚਰਚਾ ਸ਼ੁਰੂ ਹੋ ਗਈ ਹੈ। ਚਿੱਠੀ ਵਿਚ ਮੈਟਿਸ ਨੇ ਨਾ ਸਿਰਫ ਦੇਸ਼ ਸਗੋਂ ਭਾਵੀ ਰੱਖਿਆ ਮੰਤਰੀ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਦਾ ਵੀ ਜ਼ਿਕਰ ਕੀਤਾ ਹੈ। ਅਮਰੀਕੀ ਸੈਨੇਟ 'ਚ ਵਿਦੇਸ਼ ਸਬੰਧਾਂ ਦੀ ਕਮੇਟੀ ਦੇ ਮੈਂਬਰ ਬਾਬ ਮੇਨੇਨਡੇਜ਼ ਦਾ ਕਹਿਣਾ ਹੈ ਕਿ ਮੈਟਿਸ ਦਾ ਇਸ ਤਰ੍ਹਾਂ ਅਸਤੀਫਾ ਵੱਡਾ ਨੁਕਸਾਨ ਹੈ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਸਫਲ ਅਤੇ ਅਰਾਜਕਤਾ ਵਿਚ ਉਲਝੀ ਹੋਈ ਵਿਦੇਸ਼ ਨੀਤੀ ਦਾ ਅਸਲ ਸੰਕੇਤ ਹੈ।

ਜ਼ਿਕਰਯੋਗ ਹੈ ਕਿ ਮੈਟਿਸ ਨੇ ਵੀਰਵਾਰ ਨੂੰ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ। ਮੰਨਿਆ ਜਾ ਰਿਹਾ ਹੈ ਕਿ ਮੈਟਿਸ ਨੇ ਇਹ ਫੈਸਲਾ ਟਰੰਪ ਦੇ ਹਾਲ ਹੀ ਵਿਚ ਲਏ ਗਏ ਉਸ ਫੈਸਲੇ ਤੋਂ ਅਸਹਿਮਤੀ ਦੇ ਚਲਦੇ ਲਿਆ ਹੈ, ਜਿਸ ਵਿਚ ਟਰੰਪ ਨੇ ਸੀਰੀਆ ਵਿਚ ਇਸਲਾਮਿਕ ਸਟੇਟ ਨਾਲ ਲੜ ਰਹੇ ਤਕਰੀਬਨ 2 ਹਜ਼ਾਰ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦੀ ਗੱਲ ਆਖੀ ਸੀ। ਇਸ ਤੋਂ ਇਲਾਵਾ ਉਨ੍ਹਾਂ ਦੇ ਅਸਤੀਫੇ ਤੋਂ ਸਪੱਸ਼ਟ ਹੁੰਦਾ ਹੈ ਕਿ ਮੈਟਿਸ ਅਫਗਾਨਿਸਤਾਨ ਵਿਚ ਫੌਜੀਆਂ ਦੀ ਗਿਣਤੀ ਵਿਚ ਕਟੌਤੀ ਅਤੇ ਡੋਨਾਲਡ ਟਰੰਪ ਵਲੋਂ ਨਾਟੋ ਦੀ ਅਣਗਹਿਲੀ ਕੀਤੇ ਜਾਣ ਅਤੇ ਏਸ਼ੀਆ ਵਿਚ ਫੌਜੀਆਂ ਦੀ ਤਾਇਨਾਤੀ 'ਤੇ ਸ਼ੱਕ ਕਰਨ ਤੋਂ ਵੀ ਖਫਾ ਸਨ। ਆਪਣੇ ਅਸਤੀਫੇ ਵਿਚ ਮੈਟਿਸ ਨੇ ਲਿਖਿਆ ਕਿ ਉਹ ਅਮਰੀਕੀ ਵਿਦੇਸ਼ ਨੀਤੀ ਬਾਰੇ ਟਰੰਪ ਦੇ ਰਵੱਈਏ ਨੂੰ ਸਹਿ ਨਹੀਂ ਸਕਦੇ। ਮੈਟਿਸ ਨੇ ਆਪਣੇ ਅਸਤੀਫੇ ਵਿਚ ਨਾ ਸਿਰਫ ਅਸਤੀਫਾ ਦੇਣ ਦੀ ਵਜ੍ਹਾ ਦੱਸੀ ਹੈ, ਸਗੋਂ ਆਉਣ ਵਾਲੇ ਖਤਰਿਆਂ ਤੋਂ ਵੀ ਜਾਣੂੰ ਕਰਵਾਇਆ ਹੈ।

ਉਨ੍ਹਾਂ ਨੇ ਰੂਸ ਦਾ ਸਾਹਮਣਾ ਕਰਨ ਅਤੇ ਚੀਨ ਖਿਲਾਫ ਸਖ਼ਤ ਰੁਖ ਅਖਤਿਆਰ ਕਰਨ ਵਿਚ ਟਰੰਪ ਦੀ ਅਨਿਸ਼ਚਿਤਤਾ ਦੀ ਵੀ ਆਲੋਚਨਾ ਕੀਤੀ ਹੈ। ਮੈਟਿਸ ਨੇ ਲਿਖਿਆ ਮੈਨੂੰ ਲੱਗਦਾ ਹੈ ਕਿ ਸਾਨੂੰ ਉਨ੍ਹਾਂ ਦੇਸ਼ਾਂ ਪ੍ਰਤੀ ਆਪਣੇ ਦ੍ਰਿਸ਼ਟੀਕੋਣ ਨੂੰ ਦ੍ਰਿੜ ਅਤੇ ਸਪੱਸ਼ਟ ਕਰਨਾ ਚਾਹੀਦਾ ਹੈ। ਚੀਨ ਅਤੇ ਰੂਸ ਵਰਗੇ ਦੇਸ਼ ਆਪਣੇ ਅਧਿਕਾਰਤਵਾਦੀ ਮਾਡਲ ਦੇ ਫਾਰਮੈੱਟ ਦੁਨੀਆ ਨੂੰ ਇਕ ਆਕਾਰ ਦੇਣਾ ਚਾਹੁੰਦੇ ਹਨ ਤਾਂ ਜੋ ਉਹ ਆਪਣੇ ਗੁਆਂਢੀਆਂ, ਅਮਰੀਕਾ ਅਤੇ ਸਾਡੇ ਸਹਿਯੋਗੀਆਂ ਦੀ ਕੀਮਤ 'ਤੇ ਆਪਣੇ ਹਿੱਤਾਂ ਨੂੰ ਹੁੰਗਾਰਾ ਦੇ ਸਕਣ। ਉਨ੍ਹਾਂ ਨੇ ਲਿਖਿਆ ਕਿ ਅਮਰੀਕਾ ਸੁਤੰਤਰ ਵਿਸ਼ਵ ਵਿਚ ਲਾਜ਼ਮੀ ਬਣਿਆ ਹੋਇਆ ਹੈ। ਅਸੀਂ ਆਪਣੇ ਮਜ਼ਬੂਤ ਗਠਜੋੜਾਂ ਨੂੰ ਬਰਕਰਾਰ ਰੱਖੇ ਬਿਨਾਂ ਅਤੇ ਉਨ੍ਹਾਂ ਸਹਿਯੋਗੀਆਂ ਨੂੰ ਸਨਮਾਨ ਦਿੱਤੇ ਬਿਨਾਂ ਆਪਣੇ ਹਿੱਤਾਂ ਦੀ ਰੱਖਿਆ ਨਹੀਂ ਕਰ ਸਕਦੇ।


Sunny Mehra

Content Editor

Related News