23 ਸਾਲ ਬਾਅਦ ਪਰਿਵਾਰ ਨੂੰ ਮਿਲਿਆ ਇਨਸਾਫ, ਕਾਤਲ ਨੂੰ ਮਿਲੀ ਸਜ਼ਾ

06/15/2018 11:00:00 AM

ਸਿਡਨੀ (ਬਿਊਰੋ)— ਆਸਟ੍ਰੇਲੀਆ ਵਿਚ ਅਦਾਲਤ ਨੇ ਅੱਜ ਭਾਵ ਸ਼ੁੱਕਰਵਾਰ ਨੂੰ 23 ਸਾਲ ਪੁਰਾਣੇ ਇਕ ਕੇਸ ਦਾ ਫੈਸਲਾ ਸੁਣਾਇਆ। ਇਸ ਫੈਸਲੇ ਵਿਚ 44 ਸਾਲਾ ਦੋਸ਼ੀ ਕਾਰਲ ਮਾਈਕਲ ਹੇਗ ਨੂੰ 26 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ੀ ਕਾਰਲ ਨੇ ਅਪ੍ਰੈਲ 1995 ਵਿਚ ਜੀਲੌਂਗ ਦੇ ਇਕ ਸ਼ਾਪਿੰਗ ਸੈਂਟਰ ਵਿਚ 16 ਸਾਲਾ ਇਕ ਨਾਬਾਲਗ ਲੜਕੇ ਰਿੱਕੀ ਬਾਲਕੋਂਬੇ ਦਾ ਕਤਲ ਕਰ ਦਿੱਤਾ ਸੀ। ਸ਼ੁੱਕਰਵਾਰ ਨੂੰ ਜਸਟਿਸ ਲੈਕਸ ਲੈਸਰੀ ਨੇ ਦੋਸ਼ੀ ਨੂੰ 20 ਸਾਲ ਦੀ ਗੈਰ-ਪੈਰੋਲ ਦੀ ਮਿਆਦ ਨਾਲ 26 ਸਾਲ ਦੀ ਜੇਲ ਦੀ ਸਜ਼ਾ ਸੁਣਾਈ। 
ਸਜ਼ਾ ਸੁਣਾਏ ਜਾਣ ਮਗਰੋਂ ਦੋਸ਼ੀ ਹੇਗ ਨੇ ਉੱਥੇ ਮੌਜੂਦ ਪੱਤਰਕਾਰਾਂ ਨਾਲ ਦੁਰਵਿਵਹਾਰ ਕੀਤਾ। ਹੇਗ ਜੋ ਕਤਲ ਕਰਨ ਸਮੇਂ 21 ਸਾਲ ਦਾ ਸੀ, ਪਹਿਲਾਂ ਉਸ ਨੇ ਕਤਲ ਕਰਨ ਦੀ ਗੱਲ ਨੂੰ ਅਤੇ ਸ਼ਾਪਿੰਗ ਸੈਂਟਰ ਵਿਚ ਆਪਣੀ ਮੌਜੂਦਗੀ ਨੂੰ ਸਵੀਕਾਰ ਨਹੀਂ ਕੀਤਾ ਸੀ। ਪਰ ਸ਼ਾਪਿੰਗ ਸੈਂਟਰ ਵਿਚ ਮੌਜੂਦ ਲੋਕਾਂ ਵਿਚੋਂ ਇਕ ਨੇ ਅਦਾਲਤ ਵਿਚ ਉਸ ਦੀ ਪਛਾਣ ਕੀਤੀ। ਉਸ ਗਵਾਹ ਨੇ ਦੱਸਿਆ ਕਿ ਭੱਜਣ ਤੋਂ ਪਹਿਲਾਂ ਹੈਗ ਨੇ ਰਿੱਕੀ ਦੀ ਗਰਦਨ ਅਤੇ ਪਿੱਠ 'ਤੇ ਚਾਕੂ ਮਾਰਿਆ ਸੀ। 


ਅਦਾਲਤ ਵਿਚ ਦੱਸਿਆ ਗਿਆ ਕਿ ਰਿੱਕੀ ਇਕ ਸਥਾਨਕ ਗੈਂਗ ਦਾ ਮੈਂਬਰ ਰਿਹਾ ਸੀ ਅਤੇ ਆਪਣੇ ਕਤਲ ਤੋਂ ਕੁਝ ਹਫਤਿਆਂ ਪਹਿਲਾਂ ਉਹ ਹੇਗ ਨਾਲ ਦੋ ਝਗੜਿਆਂ ਵਿਚ ਸ਼ਾਮਲ ਸੀ। ਰਿੱਕੀ ਉਸ ਜਗ੍ਹਾ ਵੀ ਮੌਜੂਦ ਸੀ ਜਿੱਥੇ ਗੈਂਗ ਦੇ ਹੋਰ ਮੈਂਬਰਾਂ ਨੇ ਹੇਗ 'ਤੇ ਇਕ ਮਾਚਟੇ ਨਾਲ ਹਮਲਾ ਕੀਤਾ ਸੀ, ਜਦੋਂ ਉਹ ਜੀਲੌਂਗ ਕਾਰਪਾਰਕ ਏਰੀਆ ਵਿਚ ਆਪਣੀ ਕਾਰ ਪਾਰਕ ਕਰ ਰਿਹਾ ਸੀ। ਜਸਟਿਸ ਲੇਸਰੀ ਨੇ ਕਿਹਾ ਕਿ ਹੇਗ ਨੇ ਬਦਲਾ ਲੈਣ ਲਈ ਰਿੱਕੀ ਦਾ ਕਤਲ ਕੀਤਾ ਸੀ।

ਸਜ਼ਾ ਸੁਣਾਏ ਜਾਣ ਮਗਰੋਂ ਅਦਾਲਤ ਦੇ ਬਾਹਰ ਰਿੱਕੀ ਦੀ ਮਾਂ ਨੇ ਕਿਹਾ ਕਿ ਹੈਗ ਨੂੰ ਦਿੱਤੀ ਗਈ ਸਜ਼ਾ ਤੋਂ ਉਹ ਖੁਸ਼ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਜ਼ਾ ਰਿੱਕੀ ਨੂੰ ਵਾਪਸ ਤਾਂ ਨਹੀਂ ਲਿਆ ਸਕਦੀ ਪਰ ਇਹ ਹੇਗ ਲਈ ਵਧੀਆ ਸਬਕ ਹੈ।