ਕੋਰੋਨਾ ਵਾਇਰਸ ਕਾਰਨ 1,770 ਲੋਕਾਂ ਦੀ ਮੌਤ, ਬੀਤੇ ਦਿਨ 100 ਲੋਕਾਂ ਨੇ ਤੋੜਿਆ ਦਮ

02/17/2020 9:31:19 AM

ਬੀਜਿੰਗ— ਚੀਨ 'ਚ ਕੋਰੋਨਾ ਵਾਇਰਸ ਕਾਰਨ ਹੁਣ ਤਕ 1,770 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਵਧ ਮੌਤਾਂ ਹੁਬੇਈ ਸੂਬੇ 'ਚ ਹੋਈਆਂ। ਇਸ ਤੋਂ ਇਲਾਵਾ ਹੇਨਾਨ ਸੂਬੇ 'ਚ 3 ਤੇ ਗੁਆਂਗਡੋਂਗ 'ਚ 2 ਵਿਅਕਤੀਆਂ ਦੀ ਮੌਤ ਹੋਈ। ਚੀਨ ਦੇ ਹੁਬੇਈ ਸੂਬੇ 'ਚ ਐਤਵਾਰ ਨੂੰ 100 ਵਿਅਕਤੀਆਂ ਦੀ ਮੌਤ ਹੋਈ ਹੈ। ਉੱਥੇ ਹੀ ਬੀਤੇ ਦਿਨ ਕੋਰੋਨਾ ਵਾਇਰਸ ਦੇ 1900 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਇਨਫੈਕਟਡ ਲੋਕਾਂ ਦੀ ਗਿਣਤੀ ਵੱਧ ਕੇ 70,500 'ਤੇ ਪੁੱਜ ਗਈ ਹੈ।

 

ਚੀਨ 'ਚ ਕੋਰੋਨਾਵਾਇਰਸ ਦਾ ਪ੍ਰਕੋਪ ਫੈਲਣ ਦੇ ਨਾਲ ਮੈਕਡੋਨਲਡਜ਼, ਸਟਾਰਬਕਸ ਅਤੇ ਹੋਰ ਫਾਸਟ ਫੂਡ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਤੇ ਗਾਹਕਾਂ ਨੂੰ ਸੁਰੱਖਿਅਤ ਰੱਖਣ ਲਈ ਸੰਪਰਕ ਰਹਿਤ ਖਾਣੇ ਦੀ ਡਲਵਿਰੀ 'ਤੇ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ ਹੈ। ਤਾਈਵਾਨ 'ਚ ਵੀ ਕੋਰੋਨਾਵਾਇਰਸ ਕਾਰਨ ਪਹਿਲੀ ਮੌਤ ਦੀ ਪੁਸ਼ਟੀ ਹੋਈ ਹੈ। ਚੀਨ ਤੋਂ ਬਾਹਰ ਇਹ ਪੰਜਵਾਂ ਮਾਮਲਾ ਹੈ। ਮ੍ਰਿਤਕ ਵਿਅਕਤੀ ਇਕ ਟੈਕਸੀ ਡਰਾਈਵਰ ਸੀ ਜਿਸ ਦੇ ਗਾਹਕ ਮੁੱਖ ਤੌਰ ਤੇ ਹਾਂਗਕਾਂਗ, ਮਕਾਓ ਤੇ ਮੇਨਲੈਂਡ ਚੀਨ ਦੇ ਸਨ।

ਡਾਕਟਰਾਂ ਦੀ ਟੀਮ ਦਿਨ-ਰਾਤ ਕੰਮ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਹਫਤੇ ਦੀ ਤੁਲਨਾ 'ਚ ਇਸ ਹਫਤੇ ਵਾਇਰਸ ਨਾਲ ਪੀੜਤ ਲੋਕਾਂ 'ਚ ਕਾਫੀ ਕਮੀ ਆਈ ਹੈ। ਵਿਸ਼ਵ ਸਿਹਤ ਸੰਗਠਨ ਦੇ ਮਹਾਨਿਰਦੇਸ਼ਕ ਮੁਤਾਬਕ ਕੌਮਾਂਤਰੀ ਮਾਹਿਰਾਂ ਦਾ 12 ਮੈਂਬਰੀ ਦਲ ਚੀਨ ਪੁੱਜ ਚੁੱਕਾ ਹੈ ਅਤੇ ਚੀਨੀ ਅਧਿਕਾਰੀਆਂ ਨਾਲ ਵਾਇਰਸ ਨੂੰ ਸਮਝਣ 'ਚ ਕੰਮ ਕਰ ਰਿਹਾ ਹੈ।

ਚੀਨ 'ਚ ਫੈਲੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਭਾਰਤ ਜਲਦੀ ਹੀ ਬੀਜਿੰਗ ਨੂੰ ਮੈਡੀਕਲ ਸਮੱਗਰੀ ਦੀ ਇਕ ਖੇਪ ਭੇਜੇਗਾ। ਭਾਰਤੀ ਰਾਜਦੂਤ ਵਿਕਰਮ ਮਿਸਤਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਸ ਖਤਰਨਾਕ ਵਾਇਰਸ ਖਿਲਾਫ ਚੀਨ ਦੇ ਲੋਕਾਂ ਦੀ ਲੜਾਈ 'ਚ ਉਨ੍ਹਾਂ ਪ੍ਰਤੀ ਇਕਜੁੱਟਤਾ ਜ਼ਾਹਿਰ ਕੀਤੀ।


Related News