ਇੰਡੋਨੇਸ਼ੀਆ 'ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 30

09/29/2019 12:05:34 PM

ਜਕਾਰਤਾ— ਇੰਡੋਨੇਸ਼ੀਆ ਦੇ ਸੁਦੂਰਵਰਤੀ ਮਾਲੁਕੂ ਟਾਪੂ 'ਚ ਵੀਰਵਾਰ ਨੂੰ ਆਏ ਤੇਜ਼ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 30 ਹੋ ਗਈ ਹੈ। ਭੂਚਾਲ ਕਾਰਨ ਕਈ ਇਮਾਰਤਾਂ ਢਹਿ-ਢੇਰੀ ਹੋ ਗਈਆਂ ਅਤੇ ਘਬਰਾਏ ਹੋਏ ਲੋਕ ਸੜਕਾਂ 'ਤੇ ਉੱਤਰ ਆਏ। ਜ਼ਮੀਨ ਖਿਸਕਣ ਕਾਰਨ ਇਸ ਦੀ ਚਪੇਟ 'ਚ ਘੱਟ ਤੋਂ ਘੱਟ ਇਕ ਵਿਅਕਤੀ ਦੀ ਮੌਤ ਹੋ ਗਈ। ਇਨ੍ਹਾਂ ਘਟਨਾਵਾਂ 'ਚ ਤਿੰਨ ਬੱਚਿਆਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਭੂਚਾਲ ਪ੍ਰਭਾਵਿਤ ਐਮਬੋਨ 'ਚ ਮਲਬਾ ਡਿੱਗਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ। ਏਜੰਸੀ ਨੇ ਦੱਸਿਆ ਕਿ ਖੇਤਰੀ ਗਵਰਨਰ ਨੇ 9 ਅਕਤੂਬਰ ਤਕ ਐਮਰਜੈਂਸੀ ਸਥਿਤੀ ਦੀ ਘੋਸ਼ਣਾ ਕੀਤੀ ਹੈ। ਰਾਸ਼ਟਰੀ ਆਫਤ ਪ੍ਰਬੰਧਨ ਏਜੰਸੀ ਮੁਤਾਬਕ ਐਤਵਾਰ ਸਵੇਰ ਤਕ 30 ਲੋਕਾਂ ਦੀ ਮੌਤ ਹੋ ਗਈ ਤੇ ਹੋਰ 156 ਜ਼ਖਮੀ ਹਨ। ਸ਼ੁੱਕਰਵਾਰ ਨੂੰ ਮ੍ਰਿਤਕਾਂ ਦੀ ਗਿਣਤੀ 23 ਤੋਂ ਘਟਾ ਕੇ 19 ਦੱਸੀ ਗਈ ਸੀ।

ਭੂਚਾਲ ਕਾਰਨ 25,000 ਲੋਕਾਂ ਨੂੰ ਆਪਣੇ ਘਰ ਛੱਡਣੇ ਪਏ। ਸੈਂਕੜੇ ਘਰ, ਦਫਤਰ, ਸਕੂਲ ਅਤੇ ਜਨ ਸੁਵਿਧਾ ਸਥਾਨ ਨੁਕਸਾਨੇ ਗਏ। ਅਧਿਕਾਰੀਆਂ ਨੇ ਕਈ ਜ਼ਿਲਿਆਂ 'ਚ ਐਮਰਜੈਂਸੀ ਕੈਂਪ ਅਤੇ ਭਾਈਚਾਰਕ ਰਸੋਈਆਂ ਦਾ ਪ੍ਰਬੰਧ ਕੀਤਾ ਹੈ। ਜ਼ਿਕਰਯੋਗ ਹੈ ਕਿ ਸੁਲਾਵੇਸੀ ਦੇ ਪਾਲੂ 'ਚ ਪਿਛਲੇ ਸਾਲ 7.5 ਤੀਬਰਤਾ ਦਾ ਭੂਚਾਲ ਅਤੇ ਸੁਨਾਮੀ ਕਾਰਨ 4300 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਜਾਂ ਉਹ ਲਾਪਤਾ ਹੋ ਗਏ। ਰੈੱਡਕ੍ਰਾਸ ਮੁਤਾਬਕ 60,000 ਲੋਕ ਹੁਣ ਤਕ ਅਸਥਾਈ ਘਰਾਂ 'ਚ ਰਹਿ ਰਹੇ ਹਨ। ਸੁਮਾਤਰਾ ਦੇ ਤਟੀ ਹਿੱਸੇ 'ਚ 2004 'ਚ 9.1 ਤੀਬਰਤਾ ਦਾ ਭੂਚਾਲ ਆਇਆ ਸੀ ਤੇ ਇਸ ਕਾਰਨ ਆਈ ਸੁਨਾਮੀ 'ਚ 2, 20,000 ਲੋਕ ਮਾਰੇ ਗਏ ਸਨ। ਇਨ੍ਹਾਂ 'ਚੋਂ 1,70,000 ਲੋਕ ਇੰਡੋਨੇਸ਼ੀਆ 'ਚ ਮਾਰੇ ਗਏ ਸਨ।