4 ਮਹੀਨੇ ਦੇ ਬੱਚੇ ਦੀ ਹੋਈ ਮੌਤ, ਮਾਤਾ-ਪਿਤਾ ਨੇ ਫੇਸਬੁੱਕ 'ਤੇ ਇੰਝ ਫਰੋਲਿਆ ਦੁੱਖ

05/04/2018 12:30:23 PM

ਸਿਡਨੀ (ਬਿਊਰੋ)— ਆਸਟਰੇਲੀਆ ਦੇ ਸ਼ਹਿਰ ਗੋਲਡ ਕੋਸਟ ਵਿਚ 4 ਮਹੀਨੇ ਦੇ ਬੱਚੇ ਦੀ ਅਚਾਨਕ ਮੌਤ ਹੋ ਗਈ। ਮਾਤਾ-ਪਿਤਾ ਮੁਤਾਬਕ ਬੱਚੇ ਨੂੰ ਕੋਈ ਬੀਮਾਰੀ ਨਹੀਂ ਸੀ। ਉਨ੍ਹਾਂ ਦਾ ਬੱਚਾ ਰਾਤ ਨੂੰ ਸੁੱਤਾ ਪਰ ਅਗਲੀ ਸਵੇਰ ਨੂੰ ਉੱਠਿਆ ਹੀ ਨਹੀਂ। ਉਨ੍ਹਾਂ ਨੇ ਫੇਸਬੁੱਕ 'ਤੇ ਆਪਣਾ ਦੁੱਖ ਸਾਂਝਾ ਕੀਤਾ ਹੈ।


ਬੱਚੇ ਦੇ ਮਾਤਾ-ਪਿਤਾ ਜੈਸ ਪੀਸਰੈਕ ਅਤੇ ਜੋਸ਼ੂਆ ਗਾਲ ਮੁਤਾਬਕ ਉਨ੍ਹਾਂ ਦਾ ਬੱਚਾ ਲੁਕਾਸ ਐਤਵਾਰ ਰਾਤ ਨੂੰ ਸੁੱਤਾ ਪਰ ਸੋਮਵਾਰ ਸਵੇਰੇ ਨੀਂਦ ਵਿਚ ਹੀ ਦਮ ਤੋੜ ਗਿਆ। ਬੱਚੇ ਦੀ ਅਚਾਨਕ ਹੋਈ ਮੌਤ ਨਾਲ ਉਹ ਸਦਮੇ ਵਿਚ ਹਨ। ਉਨ੍ਹਾਂ ਮੁਤਾਬਕ ਇਸ ਘਟਨਾ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ। ਇਸ ਹਫਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੇ ਆਪਣੇ ਪਿਆਰੇ ਬੇਟੇ ਨੂੰ ਸ਼ਰਧਾਂਜਲੀ ਦਿੱਤੀ।

ਬੱਚੇ ਦੀ ਮਾਂ ਜੈਸ ਨੇ ਲਿਖਿਆ,''ਇਕ ਬੱਚੇ ਨੂੰ ਗੁਆਉਣ ਦੀ ਭਾਵਨਾ ਅਸਹਿਣਸ਼ੀਲ ਹੈ। ਤੁਸੀਂ ਕਦੇ ਨਹੀਂ ਸੋਚਦੇ ਕਿ ਅਜਿਹਾ ਕੁਝ ਤੁਹਾਡੇ ਨਾਲ ਹੋਵੇਗਾ।'' ਉਸ ਨੇ ਅੱਗੇ ਲਿਖਿਆ,''ਆਪਣੇ ਬੱਚਿਆਂ ਨੂੰ ਗਲੇ ਲਗਾਓ। ਉਨ੍ਹਾਂ ਨਾਲ ਗੱਲਾਂ ਕਰੋ। ਉਹ ਧਰਤੀ 'ਤੇ ਸਭ ਤੋਂ ਕੀਮਤੀ ਚੀਜ਼ ਹਨ। ਹਮੇਸ਼ਾ ਉਨ੍ਹਾਂ ਨੂੰ ਪਿਆਰ ਕਰੋ।'' ਜੈਸ ਨੇ ਅੱਗੇ ਲਿਖਿਆ,''ਸਾਡੇ ਦਿਲ ਪੂਰੀ ਤਰ੍ਹਾਂ ਟੁੱਟ ਚੁੱਕੇ ਹਨ। ਲੁਕਾਸ ਖੁਸ਼ ਰਹਿਣ ਵਾਲਾ ਅਤੇ ਸੁੰਦਰ ਬੱਚਾ ਸੀ। ਜੋਸ਼ ਅਤੇ ਮੈਂ ਅੰਦਰੋਂ ਪੂਰੀ ਤਰ੍ਹਾਂ ਖਾਲੀ ਹੋ ਗਏ ਹਾਂ। ਅਸੀਂ ਇਹ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਸਾਡਾ ਬੱਚਾ ਲੁਕਾਸ ਕਦੇ ਵਾਪਸ ਨਹੀਂ ਆਵੇਗਾ। ਲੁਕਾਸ ਮੇਰੇ ਪਿਆਰੇ ਬੱਚੇ! ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਹਮੇਸ਼ਾ ਸਾਡੇ ਦਿਲ ਵਿਚ ਰਹੋਗੇ। ਅਸੀਂ ਤੈਨੂੰ ਕਦੇ ਨਹੀਂ ਭੁੱਲਾਂਗੇ।''


ਲੁਕਾਸ ਦੇ ਪਿਤਾ ਜੋਸ਼ੂਆ ਨੇ ਕਿਹਾ ਕਿ ਇਹ ਦਰਦ ਕਦੇ ਨਹੀਂ ਜਾਵੇਗਾ। ਮੈਂ ਨਹੀਂ ਚਾਹੁੰਦਾ ਅਜਿਹਾ ਦੁੱਖ ਕਿਸੇ ਹੋਰ ਨੂੰ ਝੱਲਣਾ ਪਵੇ। ਸਾਡੇ 'ਤੇ ਭਾਵਨਾਵਾਂ ਦੀ ਧੁੰਦ ਛਾਈ ਹੋਈ ਹੈ। ਨੇਰੰਗ ਵਿਚ ਬੱਚੇ ਦੇ ਅੰਤਿਮ ਸੰਸਕਾਰ ਲਈ ਅਤੇ ਪਰਿਵਾਰ ਦੀ ਆਰਥਿਕ ਤੌਰ ਦੇ ਮਦਦ ਲਈ ਉਨ੍ਹਾਂ ਦੇ ਨਜ਼ਦੀਕੀ ਦੋਸਤ ਤਾਮੇਕਾ ਐਂਡਰਸਨ ਨੇ ਇਕ ਫੰਡਿੰਗ ਪੇਜ਼ ਬਣਾਇਆ ਹੈ।

ਐਂਡਰਸਨ ਨੂੰ ਉਮੀਦ ਸੀ ਕਿ ਉਹ ਜੋੜੇ ਲਈ 5000 ਡਾਲਰ ਇਕੱਠੇ ਕਰ ਲਵੇਗਾ, ਜੋ ਉਨ੍ਹਾਂ ਦੇ 5 ਸਾਲਾ ਬੇਟੇ ਓਲੀ ਲਈ ਕੰਮ ਆਉਣਗੇ। ਇਸ ਫੰਡਿੰਗ ਪੇਜ਼ 'ਤੇ ਲੋਕਾਂ ਨੇ ਦਿਲ ਖੋਲ ਕੇ ਮਦਦ ਕੀਤੀ ਹੈ ਅਤੇ ਇਕ ਦਿਨ ਵਿਚ ਹੀ10,000 ਡਾਲਰ ਇਕੱਠੇ ਹੋ ਗਏ। ਵੀਰਵਾਰ ਤੱਕ ਇਸ ਵਿਚ 15,000 ਡਾਲਰ ਇਕੱਠੇ ਹੋ ਚੁੱਕੇ ਸਨ। ਅੱਜ ਭਾਵ ਸ਼ੁੱਕਰਵਾਰ ਨੂੰ ਲੁਕਾਸ ਦਾ ਅੰਤਮ ਸੰਸਕਾਰ ਕੀਤਾ ਜਾਣਾ ਹੈ।