ਆਸਟ੍ਰੇਲੀਆ ''ਚ ਸੱਪ ਦੇ ਡੱਸਣ ਨਾਲ ਹੋਈ ਵਿਅਕਤੀ ਦੀ ਮੌਤ

04/20/2018 10:54:27 AM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਟਾਊਨਜ਼ਵਿਲੇ ਵਿਚ ਇਕ ਸ਼ੱਕੀ ਭੂਰੇ ਸੱਪ ਨੇ 46 ਸਾਲਾ ਵਿਅਕਤੀ ਨੂੰ ਡੱਸ ਲਿਆ, ਜਿਸ ਕਾਰਨ ਵਿਅਕਤੀ ਦੀ ਮੌਤ ਹੋ ਗਈ। ਪੈਰਾ ਮੈਡੀਕਲ ਨੂੰ ਤੁਰੰਤ ਡੇਰਾਗੁੰਨ ਦੇ ਟਾਊਨਜ਼ਵਿਲੇ ਇਲਾਕੇ ਵਿਚ ਬੁਲਾਇਆ ਗਿਆ। ਜਾਣਕਾਰੀ ਮੁਤਾਬਕ 46 ਸਾਲਾ ਵਿਅਕਤੀ ਜਦੋਂ ਆਪਣੇ ਬਾਗ ਵਿਚ ਬਾਗਬਾਨੀ ਕਰ ਰਿਹਾ ਸੀ, ਉਦੋਂ ਹੀ ਸੱਪ ਨੇ ਉਸ ਨੂੰ ਡੱਸਿਆ ਸੀ। ਸੱਪ ਦੇ ਡੱਸਣ ਕਾਰਨ ਉਹ ਬੇਹੋਸ਼ ਹੋ ਗਿਆ ਸੀ। ਉਸ ਦੇ ਇਕ ਗੁਆਂਢੀ ਨੇ ਉਸ ਨੂੰ ਸੀ. ਪੀ. ਆਰ. ਦਿੱਤੀ। ਮੌਕੇ 'ਤੇ ਪਹੁੰਚੇ ਪੈਰਾ ਮੈਡੀਕਲ ਅਧਿਕਾਰੀਆਂ ਨੇ ਵੀ ਉਸ ਨੂੰ ਬਚਾਉਣ ਦੀ ਕੋਸ਼ਿਸ ਕੀਤੀ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਇਹ ਮੰਨਿਆ ਗਿਆ ਹੈ ਕਿ ਸੱਪ ਨੇ ਵਿਅਕਤੀ ਦੀ ਬਾਂਹ 'ਤੇ ਕੱਟਿਆ ਸੀ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਪੂਰਬੀ ਭੂਰਾ ਸੱਪ ਸੀ ਅਤੇ 1.5 ਮੀਟਰ ਲੰਬਾ ਸੀ। ਉਸ ਦੀ ਬੌਡੀ ਦੀ ਜਾਂਚ ਲਈ ਕੋਰੋਨਰ ਭੇਜ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਆਸਟ੍ਰੇਲੀਆ ਵਿਚ ਜ਼ਿਆਦਾਤਰ ਮੌਤਾਂ ਸੱਪ ਦੇ ਡੱਸਣ ਕਾਰਨ ਹੁੰਦੀਆਂ ਹਨ। ਪੂਰਬੀ ਭੂਰਾ ਸੱਪ ਬਹੁਤ ਜ਼ਿਆਦਾ ਜ਼ਹਿਰੀਲਾ ਸੱਪ ਹੈ। ਇਹ ਜ਼ਿਆਦਾਤਰ ਪੂਰਬੀ ਤੇ ਮੱਧ ਆਸਟ੍ਰੇਲੀਆ ਅਤੇ ਦੱਖਣੀ ਨਿਊ ਗਿਨੀ ਵਿਚ ਪਾਇਆ ਜਾਂਦਾ ਹੈ।