ਨਿਊਜ਼ੀਲੈਂਡ : ਜਵਾਲਾਮੁਖੀ ''ਚੋਂ ਅਜੇ ਵੀ ਨਿਕਲ ਰਿਹੈ ਧੂੰਆਂ, ਲਾਸ਼ਾਂ ਨੂੰ ਬਾਹਰ ਕੱਢਣਾ ਹੋਇਆ ਔਖਾ

12/12/2019 1:47:56 PM

ਵਲਿੰਗਟਨ— ਨਿਊਜ਼ੀਲੈਂਡ 'ਚ ਜਵਾਲਾਮੁਖੀ ਫਟਣ ਕਾਰਨ 8 ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹਨ। ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਉਹ ਸੈਲਾਨੀਆਂ ਦੇ ਪਸੰਦੀਦਾ ਟਾਪੂ 'ਤੇ ਇਸ ਹਫਤੇ ਹੋਏ ਜਵਾਲਾਮੁਖੀ ਧਮਾਕੇ 'ਚ ਮਾਰੇ ਗਏ 8 ਲੋਕਾਂ ਦੀਆਂ ਲਾਸ਼ਾਂ ਕੱਢਣ ਦਾ ਕੰਮ ਸ਼ੁੱਕਰਵਾਰ ਨੂੰ ਸ਼ੁਰੂ ਕਰਨਗੇ। ਜਵਾਲਾਮੁਖੀ ਦੇ ਕਿਰਿਆਸ਼ੀਲ ਰਹਿਣ ਕਾਰਨ ਧੂੰਏਂ ਦੇ ਗੁਬਾਰ ਨਾਲ ਢੱਕੇ ਵ੍ਹਾਈਟ ਆਈਲੈਂਡ 'ਚੋਂ 8 ਲਾਸ਼ਾਂ ਕੱਢਣ 'ਚ ਦੇਰੀ ਹੋ ਰਹੀ ਹੈ। ਇੱਥੇ ਸੋਮਵਾਰ ਨੂੰ ਉਸ ਸਮੇਂ ਜਵਾਲਾਮੁਖੀ ਫਟ ਗਿਆ ਜਦ 47 ਸੈਲਾਨੀ ਇੱਥੇ ਘੁੰਮ ਰਹੇ ਸਨ। ਅਧਿਕਾਰੀਆਂ ਨੇ ਅੱਠ ਲੋਕਾਂ ਦੇ ਮਰਨ ਅਤੇ ਕਈ ਹੋਰਾਂ ਦੇ ਗੰਭੀਰ ਰੂਪ ਨਾਲ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਹੈ। ਨਿਊਜ਼ੀਲੈਂਡ ਦੇ ਮੈਡੀਕਲ ਕਰਮਚਾਰੀ ਜ਼ਖਮੀਆਂ ਦਾ ਇਲਾਜ ਕਰ ਰਹੇ ਹਨ।

ਵ੍ਹਾਈਟ ਆਈਲੈਂਡ ਨਿਊਜ਼ੀਲੈਂਡ ਦੇ ਨਾਰਥ ਟਾਪੂ ਤਟ ਤੋਂ ਤਕਰੀਬਨ 50 ਕਿਲੋਮੀਟਰ ਦੂਰ ਸਥਿਤ ਹੈ ਅਤੇ ਇੱਥੇ ਹਰ ਸਾਲ ਹਜ਼ਾਰਾਂ ਸੈਲਾਨੀ ਆਉਂਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਸਮੇਂ ਆਸਟ੍ਰੇਲੀਆ ਦੇ 24, ਅਮਰੀਕਾ ਦੇ 9, ਨਿਊਜ਼ੀਲੈਂਡ ਦੇ 5, ਜਰਮਨੀ ਦੇ 4, ਬ੍ਰਿਟੇਨ ਦੇ 2, ਚੀਨ ਦੇ 2 ਅਤੇ ਮਲੇਸ਼ੀਆ ਦਾ ਇਕ ਸੈਲਾਨੀ ਟਾਪੂ 'ਤੇ ਮੌਜੂਦ ਸੀ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਦੱਸਿਆ ਕਿ ਵੀਰਵਾਰ ਨੂੰ ਆਸਟ੍ਰੇਲੀਆ ਦੇ ਕੁੱਝ ਜ਼ਖਮੀਆਂ ਨੂੰ ਬਚਾਇਆ ਗਿਆ ਅਤੇ ਅਜਿਹੀ ਕੋਸ਼ਿਸ਼ ਜਾਰੀ ਰਹੇਗੀ।