ਪ੍ਰੇਮਿਕਾ ਦੇ ਪਰਿਵਾਰ ਨੇ ਦਲਿਤ ਲੜਕੇ ਤੇ ਉਸ ਦੇ 2 ਸਾਥੀਆਂ ਦੀ ਕੀਤੀ ਹੱਤਿਆ

05/26/2020 7:13:51 PM

ਕਾਠਮੰਡੂ (ਭਾਸ਼ਾ): ਪੱਛਮੀ ਨੇਪਾਲ ਵਿਚ 19 ਸਾਲਾ ਇਕ ਨੌਜਵਾਨ ਦੀ ਹੱਤਿਆ ਉੱਚ ਜਾਤੀ ਨਾਲ ਸਬੰਧ ਰੱਖਣ ਵਾਲੀ ਉਸ ਦੀ ਪ੍ਰੇਮਿਕਾ ਦੇ ਪਰਿਵਾਰ ਨੇ ਕਥਿਤ ਤੌਰ 'ਤੇ ਕਰ ਦਿੱਤੀ ਸੀ। ਨੌਜਵਾਨ ਦੇ ਨਾਲ-ਨਾਲ ਉਸ ਦੇ 2 ਸਾਥੀਆਂ ਦੀ ਵੀ ਹੱਤਿਆ ਹੋਈ ਹੈ। ਇਹ ਮਾਮਲਾ ਨੇਪਾਲ ਦੀ ਸੰਸਦ ਵਿਚ ਵੀ ਮੰਗਲਵਾਰ ਨੂੰ ਚੁੱਕਿਆ ਗਿਆ, ਜਿਸ ਤੋਂ ਬਾਅਦ ਸਰਕਾਰ ਨੇ ਇਸ ਦੀ ਜਾਂਚ ਦੇ ਲਈ ਗ੍ਰਹਿ ਮੰਤਰਾਲਾ ਦੇ ਸੰਯੁਕਤ ਸਕੱਤਰ ਦੀ ਅਗਵਾਈ ਵਿਚ ਪੰਜ ਮੈਂਬਰੀ ਕਮੇਟੀ ਬਣਾਈ ਹੈ। 

ਇਹ ਹੱਤਿਆ ਸ਼ਨੀਵਾਰ ਰਾਤ ਵਿਚ ਉਸ ਵੇਲੇ ਹੋਈ ਜਦੋਂ ਜਾਜਰਕੋਟ ਜ਼ਿਲੇ ਦਾ ਰਹਿਣ ਵਾਲਾ ਨਵਰਾਜ ਬਿਕਾ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਦੇ ਨਾਲ ਆਪਣੀ 17 ਸਾਲਾ ਪ੍ਰੇਮਿਕਾ ਸੁਸ਼ਮਾ ਮੱਲਾ ਦੇ ਘਰ ਗਿਆ ਸੀ। ਲੜਕੀ ਦਾ ਵਿਆਹ ਅਗਲੇ ਦਿਨ ਕਿਸੇ ਹੋਰ ਵਿਅਕਤੀ ਨਾਲ ਹੋਣਾ ਸੀ। ਨਵਰਾਜ ਦਲਿਤ ਪਰਿਵਾਰ ਨਾਲ ਸਬੰਧ ਰੱਖਦਾ ਸੀ ਜਦਕਿ ਲੜਕੀ ਖੱਤਰੀ ਜਾਤੀ ਨਾਲ ਸਬੰਧਿਤ ਸੀ। ਲੜਕੀ ਦੇ ਮਾਤਾ-ਪਿਤਾ ਨਵਰਾਜ ਦੇ ਨਾਲ ਲੜਕੀ ਦੇ ਵਿਆਹ ਦਾ ਵਿਰੋਧ ਕਰ ਰਹੇ ਸਨ। ਪੁਲਸ ਨੇ ਦੱਸਿਆ ਕਿ ਨਵਰਾਜ ਜਿਵੇਂ ਹੀ ਲੜਕੀ ਦੇ ਘਰ ਪਹੁੰਚਿਆ ਉਵੇਂ ਹੀ ਲੜਕੀ ਦੀ ਮਾਂ ਨੇ ਆਪਣੇ ਰਿਸ਼ਤੇਦਾਰਾਂ ਤੇ ਹੋਰ ਲੋਕਾਂ ਨੂੰ ਬੁਲਾ ਲਿਆ। ਇਨ੍ਹਾਂ ਲੋਕਾਂ ਨੇ ਲੜਕੇ ਦੇ ਪਰਿਵਾਰ 'ਤੇ ਹਮਲਾ ਕਰ ਦਿੱਤਾ, ਜਿਸ ਦੌਰਾਨ ਨਵਰਾਜ ਦੇ ਉਸ ਦੇ 2 ਸਾਥੀਆਂ ਨੇ ਮੌਕੇ 'ਤੇ ਹੀ ਦੰਮ ਤੋੜ ਦਿੱਤਾ ਜਦਕਿ ਪੰਜ ਹੋਰ ਲੋਕ ਜ਼ਖਮੀ ਹੋ ਗਏ। ਜਾਨ ਬਚਾਉਣ ਦੇ ਲਈ ਤਿੰਨ ਹੋਰ ਨਦੀ ਵਿਚ ਕੁੱਦ ਗਏ ਸਨ ਤੇ ਉਹ ਹੁਣ ਵੀ ਲਾਪਤਾ ਹਨ। 

ਪੁਲਸ ਨੇ ਇਕ ਵਾਰਡ ਮੁਖੀ ਸਣੇ 12 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ ਵਿਚ ਸੰਸਦ ਵਿਚ ਕਈ ਸੰਸਦ ਮੈਂਬਰਾਂ ਨੇ ਸਵਾਲ ਚੁੱਕਦੇ ਹੋਏ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਦਲਿਤ ਜਾਤੀ ਦਾ ਹੋਣ ਕਾਰਣ ਉਨ੍ਹਾਂ ਦੇ ਬੇਟੇ ਦੀ ਹੱਤਿਆ ਹੋਈ ਹੈ। ਪਰਿਵਾਰ ਨੇ ਕਿਹਾ ਹੈ ਕਿ ਜਦੋਂ ਤੱਕ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਹੀਂ ਹੋਵੇਗੀ, ਉਹ ਲਾਸ਼ ਨਹੀਂ ਲੈਣਗੇ।


Baljit Singh

Content Editor

Related News