ਆਸਟਰੇਲੀਆ ''ਚ ਚੱਕਰਵਾਤੀ ਤੂਫਾਨ ''ਡੇਬੀ'' ਨੇ ਦਿੱਤੀ ਦਸਤਕ, ਜਨਜੀਵਨ ਹੋਇਆ ਪ੍ਰਭਾਵਿਤ (ਦੇਖੋ ਤਸਵੀਰਾਂ)

03/28/2017 11:45:52 AM

ਬ੍ਰਿਸਬੇਨ— ਆਸਟਰੇਲੀਆ ਦੇ ਉੱਤਰ-ਪੂਰਬ ''ਚ ਮੰਗਲਵਾਰ ਨੂੰ ਸ਼ਕਤੀਸ਼ਾਲੀ ਚੱਕਰਵਾਤੀ ਤੂਫਾਨ ''ਡੇਬੀ'' ਨੇ ਦਸਤਕ ਦੇ ਦਿੱਤੀ। ਚੱਕਰਵਾਤ ਕਾਰਨ ਵੱਖ-ਵੱਖ ਥਾਂਵਾਂ ''ਤੇ ਕਈ ਰੁੱਖ ਜੜ੍ਹਾਂ ਤੋਂ ਉੱਖੜ ਗਏ ਅਤੇ ਇਸ ਕਾਰਨ ਬਿਜਲੀ ਸਪਲਾਈ ''ਤੇ ਵੀ ਕਾਫੀ ਅਸਰ ਪਿਆ ਹੈ। ਇਸ ਦਾ ਸਭ ਤੋਂ ਵਧ ਅਸਰ ਤੱਟੀ ਸੂਬੇ ਕੁਈਨਜ਼ਲੈਂਡ ''ਚ ਹੋਇਆ ਹੈ ਅਤੇ ਸੂਬੇ ਦੇ ਉੱਤਰੀ ਇਲਾਕਿਆਂ ''ਚ 270 ਕਿਲੋਮੀਟਰ/ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਕਾਰਨ ਲੋਕ ਘਰਾਂ ''ਚ ਰਹਿਣ ਲਈ ਮਜਬੂਰ ਹਨ। ਸੈਲਾਨੀਆਂ ਵਿਚਕਾਰ ਮਸ਼ਹੂਰ ਗ੍ਰੇਟ ਬੈਰੀਅਰ ਰੀਫ ਟਾਪੂ ''ਤੇ ਵੀ ਚੱਕਰਵਾਤ ਦਾ ਕਾਫੀ ਅਸਰ ਦੇਖਣ ਨੂੰ ਮਿਲਿਆ ਹੈ। 
ਮਿਲੀ ਜਾਣਕਾਰੀ ਮੁਤਾਬਕ ਬੋਵੇਨ ਅਤੇ ਐਰਲੀ ਸ਼ਹਿਰਾਂ ਦੇ ਬੀਚਾਂ ਨੂੰ ਪਾਰ ਕਰਨ ਤੋਂ ਪਹਿਲਾਂ ਚੱਕਰਵਾਤ ਥੋੜ੍ਹਾ ਹੌਲੀ ਹੋ ਗਿਆ। ਇੱਥੋਂ ਦੇ ਸਾਰੀਆਂ ਪ੍ਰਸਿੱਧ ਸੈਲਾਨੀ ਥਾਂਵਾਂ ''ਤੇ ਇਸ ਦਾ ਕਾਫੀ ਅਸਰ ਦੇਖਣ ਨੂੰ ਮਿਲਿਆ ਹੈ। ਹੈਮੈਨ ਟਾਪੂ ''ਤੇ ਛੁੱਟੀਆਂ ਮਨਾ ਰਹੇ ਕੈਮਰਨ ਬਰਕਮਨ ਨਾਮੀ ਵਿਅਕਤੀ ਨੇ ਪੱਤਰਕਾਰਾਂ ਨੂੰ ਦੱਸਿਆ, ''''ਤੇਜ਼ ਹਵਾਵਾਂ ਕਾਰਨ ਇਮਾਰਤਾਂ ਹਿੱਲ ਰਹੀਆਂ ਸਨ।'''' ਕੁਈਨਜ਼ਲੈਂਡ ਦੇ ਨੇਤਾ ਮਾਰਕ ਰਿਆਨ ਨੇ ਟਵੀਟ ਕਰਕੇ ਕਿਹਾ ਕਿ ਐਰਲੀ ਬੀਚ ''ਤੇ ਰੁੱਖ ਡਿੱਗ ਗਏ ਅਤੇ ਛੱਤਾਂ ਦੇ ਉੱਡਣ ਦੀਆਂ ਖਬਰਾਂ ਵੀ ਹਨ। ਮੌਸਮ ਵਿਗਿਆਨ ਵਿਭਾਗ ਨੇ ਚੱਕਰਵਾਤ ਕਾਰਨ 50 ਸੈਂਟੀਮੀਟਰ ਤੱਕ ਮੀਂਹ ਪੈਣ ਦਾ ਅੰਦਾਜ਼ਾ ਲਗਾਇਆ ਹੈ। ਵਿਭਾਗ ਨੇ ਇਸ ਕਾਰਨ ਲੋਕਾਂ ਨੂੰ ਬਿਲਕੁਲ ਵੀ ਨਾ ਘਬਰਾਉਣ ਅਤੇ ਘਰਾਂ ''ਚੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ। ਵਿਭਾਗ ਵਲੋਂ ਜਾਰੀ ਕੀਤੀ ਗਈ ਸਲਾਹ ''ਚ ਕਿਹਾ ਗਿਆ ਹੈ, ''''ਘਰਾਂ ''ਚੋਂ ਬਾਹਰ ਨਾ ਨਿਕਲੋ। ਕਿਸੇ ਵੀ ਦਿਸ਼ਾ ''ਚ ਕਿਸੇ ਵੀ ਵੇਲੇ ਤਬਾਹੀ ਵਾਲੀਆਂ ਹਵਾਵਾਂ ਚੱਲਣੀਆਂ ਸ਼ੁਰੂ ਹੋ ਸਕਦੀਆਂ ਹਨ। ਚੱਕਰਵਾਤ ਦੇ ਦੌਰਾਨ ਰਸਤੇ ''ਚ ਫਸ ਜਾਣ ਵਾਲੇ ਲੋਕ ਸ਼ਾਂਤ ਰਹਿਣ ਅਤੇ ਇੱਕ ਸੁਰੱਖਿਅਤ ਪਨਾਹ ਤਲਾਸ਼ ਲੈਣ।'''' ਉੱਧਰ ਸੂਬੇ ਦੀ ਪ੍ਰੀਮੀਅਰ ਐਨਾਸਟਾਕਿਆ ਪਾਲਾਸਜ਼ਕਜ਼ੁਕ ਨੇ ਕਿਹਾ, ''''ਅਸੀਂ ਇੱਕ ਲੰਬੇ ਅਤੇ ਸਖ਼ਤ ਦਿਨ ''ਚ ਹਾਂ।'''' ਉਨ੍ਹਾਂ ਕਿਹਾ ਕਿ ਹਵਾਵਾਂ ਦੀ ਤੀਬਰਤਾ ਹੌਲੀ-ਹੌਲੀ ਵਧਦੀ ਜਾ ਰਹੀ ਹੈ। ਇਸ ਕਾਰਨ ਹਾਲਾਤ ਕਾਫੀ ਖ਼ਰਾਬ ਹੋ ਗਏ ਹਨ। ਦੱਸਣਯੋਗ ਹੈ ਕਿ ਸਾਲ 2011 ''ਚ ਵੀ ਕੁਈਨਜ਼ਲੈਂਡ ''ਚ ''ਯੈਸੀ'' ਨਾਮੀ ਚੱਕਰਵਾਤੀ ਤੂਫਾਨ ਆਇਆ ਸੀ। ਇਸ ਕਾਰਨ ਇੱਥੇ ਕਾਫੀ ਨੁਕਸਾਨ ਹੋਇਆ ਸੀ।