ਅਮਰੀਕਾ ਦੇ ਇਨ੍ਹਾਂ ਖੇਤਰਾਂ ਵੱਲ ਵੱਧ ਰਿਹੈ ਤੂਫਾਨ, ਮਚਾ ਸਕਦਾ ਹੈ ਭਾਰੀ ਤਬਾਹੀ

09/22/2020 8:26:04 PM

ਟੈਕਸਾਸ- ਅਮਰੀਕਾ ਵਿਚ ਆਇਆ ਚੱਕਰਵਾਤੀ ਤੂਫਾਨ 'ਬੀਟਾ' ਟੈਕਸਾਸ ਅਤੇ ਲੂਈਸਿਆਨਾ ਦੇ ਤਟਾਂ ਵੱਲ ਵੱਧ ਰਿਹਾ ਹੈ। ਇਸ ਤੋਂ ਪਹਿਲਾਂ ਹੀ ਤੂਫਾਨਾਂ ਦੀ ਮਾਰ ਝੱਲ ਚੁੱਕੇ ਅਮਰੀਕਾ ਵਿਚ ਹੋਰ ਤਬਾਹੀ ਮਚਣ ਦਾ ਖਦਸ਼ਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਤੇਜ਼ ਮੀਂਹ ਤੇ ਤਬਾਹੀ ਵਾਲਾ ਇਹ ਤੂਫਾਨ ਵਧੇਰੇ ਖਤਰਨਾਕ ਹੋ ਸਕਦਾ ਹੈ। 

ਰਾਸ਼ਟਰੀ ਮੌਸਮ ਸੇਵਾ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਵਿਚ ਟੈਕਸਾਸ ਅਤੇ ਲੂਈਸਿਆਨਾ ਦੇ ਕੁਝ ਹਿੱਸਿਆਂ ਵਿਚ ਬੀਟਾ ਤੂਫਾਨ ਕਾਰਨ 51 ਸੈਂਟੀਮੀਟਰ ਤੱਕ ਮੀਂਹ ਪੈ ਸਕਦਾ ਹੈ। ਰਾਸ਼ਟਰੀ ਤੂਫਾਨ ਕੇਂਦਰ ਨੇ ਕਿਹਾ ਕਿ ਬੀਟਾ ਨੇ ਐਤਵਾਰ ਦੁਪਹਿਰ ਨੂੰ ਥੋੜੀ ਰਫਤਾਰ ਫੜੀ ਹੈ। ਲੋਕਾਂ ਨੂੰ ਤੂਫਾਨ ਤੋਂ ਬਚਣ ਲਈ ਅਲਰਟ ਕਰ ਦਿੱਤਾ ਗਿਆ ਹੈ। 

ਅਮਰੀਕਾ ਵਿਚ ਭਾਰੀ ਤੂਫਾਨ ਤਬਾਹੀ ਮਚਾ ਰਹੇ ਹਨ ਅਤੇ ਰਾਸ਼ਟਰੀ ਮੌਸਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗੇ ਵੀ ਅਜੇ ਤੂਫਾਨ ਆਉਂਦੇ ਰਹਿਣਗੇ। ਤੂਫਾਨ ਤੋਂ ਬਚਾਅ ਲਈ ਲੋਕ ਆਪਣੇ ਘਰਾਂ ਦੀਆਂ ਖਿੜਕੀਆਂ ਦੇ ਬਾਹਰ ਲੱਕੜਾਂ ਨਾਲ ਇਨ੍ਹਾਂ ਨੂੰ ਪੱਕਾ ਬੰਦ ਕਰ ਲੈਂਦੇ ਹਨ ਅਤੇ ਆਪਣੇ ਘਰਾਂ ਅੱਗੇ ਰੇਤਾ ਦੀਆਂ ਬੋਰੀਆਂ ਭਰ ਕੇ ਰੱਖ ਲੈਂਦੇ ਹਨ ਤਾਂ ਕਿ ਭਾਰੀ ਮੀਂਹ ਤੇ ਤੇਜ਼ ਹਵਾਵਾਂ ਵਿਚ ਨੁਕਸਾਨ ਤੋਂ ਬਚਿਆ ਜਾ ਸਕੇ।  ਦੱਸ ਦਈਏ ਕਿ ਅਮਰੀਕਾ ਪਹਿਲਾਂ ਹੀ ਜੰਗਲੀ ਅੱਗ ਅਤੇ ਕੋਰੋਨਾ ਵਾਇਰਸ ਕਾਰਨ ਭਾਰੀ ਨੁਕਸਾਨ ਸਹਿਣ ਕਰ ਰਿਹਾ ਹੈ ਅਤੇ ਅਜਿਹੇ ਵਿਚ ਭਾਰੀ ਤੂਫਾਨ ਲੋਕਾਂ ਦੇ ਦਿਲਾਂ ਵਿਚ ਡਰ ਪੈਦਾ ਕਰ ਰਹੇ ਹਨ। 
 


Sanjeev

Content Editor

Related News