ਕਲਤੂਰਾ ਸਿੱਖ ਇਟਲੀ ਨੇ ਨੌਵੀਂ ਪਾਤਸ਼ਾਹੀ ਦੇ 400 ਸਾਲਾ ਪ੍ਰਕਾਸ਼ ਪੁਰਬ ਸਬੰਧੀ ਕਰਵਾਇਆ ਵਿਸ਼ੇਸ਼ ਸਮਾਗਮ

05/04/2021 12:07:41 PM

ਰੋਮ (ਕੈਂਥ)-ਸਿੱਖ ਧਰਮ ਦੇ ਨੌਵੇਂ ਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦੀ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਦੁਨੀਆ ਭਰ ’ਚ ਜਿਥੇ ਸਿੱਖ ਸੰਗਤ ਵੱਲੋਂ ਬਹੁਤ ਹੀ ਉਤਸ਼ਾਹਪੂਰਵਕ ਮਨਾਈ ਜਾ ਰਹੀ ਹੈ। ਉੱਥੇ ਹੀ ਇਟਲੀ ’ਚ ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਬੋਰਗੋ ਸਨਜੋਕਮੋ ਵਿਖੇ ਇਟਲੀ ਦੀ ਸਿੱਖ ਜਥੇਬੰਦੀ ਕਲਤੂਰਾ ਸਿੱਖ ਇਟਲੀ ਵੱਲੋਂ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਬੜੀ ਹੀ ਸ਼ਰਧਾ ਨਾਲ ਮਨਾਇਆ ਗਿਆ, ਜਿਸ ਵਿੱਚ ਪੰਥ ਦੇ ਪ੍ਰਸਿੱਧ ਪ੍ਰਚਾਰਕ ਭਾਈ ਰਜਿੰਦਰ ਸਿੰਘ ਪਟਿਆਲ਼ੇ ਵਾਲੇ ਨੇ ਸੰਗਤਾਂ ਨੂੰ ਵਿਸਥਾਰਪੂਰਵਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਫ਼ਲਸਫ਼ੇ ਤੋਂ ਜਾਣੂ ਕਰਵਾਇਆ। ਉਨ੍ਹਾਂ ਨਾਲ ਹੀ ਪੂਰੀ ਦੁਨੀਆ ’ਚ ਵਸਦੀ ਸਿੱਖ ਸੰਗਤ ਨੂੰ ਗੁਰੂ ਜੀ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਲਈ ਵੀ ਪ੍ਰੇਰਿਤ ਕੀਤਾ।

ਇਸ ਸਮਾਗਮ ’ਚ ਕਲਤੂਰਾ ਸਿੱਖ ਦੇ ਸੇਵਾਦਾਰਾਂ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਸ਼ਹਾਦਤ ਪੂਰੀ ਦੁਨੀਆ ’ਚ ਇੱਕ ਵਿਲੱਖਣ ਮਿਸਾਲ ਹੈ, ਜਿਸ ’ਚ ਗੁਰੂ ਸਾਹਿਬ ਨੇ ਹਿੰਦੂ ਧਰਮ ਦੇ ਤਿਲਕ ਤੇ ਜੰਞੂ ਦੀ ਰੱਖਿਆ ਹਿੱਤ ਆਪਣਾ ਸੀਸ ਨਿਛਾਵਰ ਕਰ ਕੇ ਜ਼ਾਲਮ ਦੇ ਜਬਰ ਖ਼ਿਲਾਫ਼ ਬਗ਼ਾਵਤ ਕੀਤੀ।ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਧੰਨ ਸ੍ਰੀ ਗੁਰੂ ਗ੍ਰੰਥ ਵਿੱਚ ਦਰਜ ਬਾਣੀ ਸਾਨੂੰ ਗੁਰੂ ਨੂੰ ਆਪਾ ਸਮਰਪਿਤ ਕਰਨ ਲਈ ਜਿੱਥੇ ਪ੍ਰੇਰਦੀ ਹੈ, ਉੱਥੇ ਹੀ ਗੁਰੂ ਸਾਹਿਬ ਉੱਪਰ ਪੂਰਨ ਵਿਸ਼ਵਾਸੀ ਹੋਣ ਦਾ ਸਬਕ ਦਿੰਦੀ ਹੈ।ਇਸ ਮੌਕੇ ਪ੍ਰਬੰਧਕਾਂ ਵੱਲੋਂ ਸੇਵਾਦਾਰਾਂ ਦਾ ਗੁਰੂ ਦੀ ਬਖ਼ਸ਼ਿਸ਼ ਸਿਰੋਪਾਓ ਨਾਲ ਸਨਮਾਨ ਵੀ ਕੀਤਾ ਗਿਆ।

Manoj

This news is Content Editor Manoj