40 ਸਾਲ ਬਾਅਦ ਇਸ ਦੇਸ਼ ਨੂੰ ਮਿਲੇਗਾ ਪ੍ਰਧਾਨ ਮੰਤਰੀ, ਫਿਦੇਲ ਕਾਸਤਰੋ ਸੀ ਆਖਰੀ PM

12/20/2019 1:50:02 PM

ਹਵਾਨਾ- ਕਿਊਬਾ ਵਿਚ 40 ਸਾਲ ਤੋਂ ਜ਼ਿਆਦਾ ਸਮੇਂ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਅਹੁਦਾ ਬਹਾਲ ਹੋਣ ਵਾਲਾ ਹੈ। ਰਾਸ਼ਟਰਪਤੀ ਮਿਗੇਲ ਡਿਆਨ-ਕਾਨੇਲ ਇਸੇ ਹਫਤੇ ਪ੍ਰਧਾਨ ਮੰਤਰੀ ਉਮੀਦਵਾਰ ਦੇ ਨਾਂ ਦਾ ਐਲਾਨ ਕਰਨਗੇ। ਕਿਊਬਾ ਦੇ ਨਵੇਂ ਸੰਵਿਧਾਨ ਦੇ ਮੁਤਾਬਕ ਰਾਸ਼ਟਰਪਤੀ ਵਲੋਂ ਦਿੱਤੇ ਪ੍ਰਧਾਨ ਮੰਤਰੀ ਉਮੀਦਵਾਰ ਦੇ ਨਾਂ 'ਤੇ ਸੰਸਦ ਦੀ ਮੁਹਰ ਜ਼ਰੂਰੀ ਹੈ। ਇਸ ਦੇ ਲਈ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਸੰਸਦ ਸੈਸ਼ਨ ਬੁਲਾਇਆ ਗਿਆ ਹੈ। ਨਵੇਂ ਪ੍ਰਧਾਨ ਮੰਤਰੀ ਦੇ ਨਾਂ 'ਤੇ ਸਾਬਕਾ ਰਾਸ਼ਟਰਪਤੀ ਰਾਓਲ ਕਾਸਤਰੋ ਦੀ ਅਗਵਾਈ ਵਾਲੀ ਕਮਿਊਨਿਸਟ ਪਾਰਟੀ ਦੀ ਮਨਜ਼ੂਰੀ ਵੀ ਲੈਣੀ ਹੋਵੇਗੀ। ਇਹ ਹਾਲਾਂਕਿ ਅਜੇ ਸਾਫ ਨਹੀਂ ਹੈ ਕਿ ਪ੍ਰਧਾਨ ਮੰਤਰੀ ਅਹੁਦੇ 'ਤੇ ਕਿਸ ਦੀ ਨਿਯੁਕਤੀ ਹੋਵੇਗੀ। ਪਰ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਰਾਸ਼ਟਰਪਤੀ ਕਾਨੇਲ ਆਪਣੇ ਪੰਜ ਉਪ ਰਾਸ਼ਟਰਪਤੀਆਂ ਜਾਂ ਮੰਤਰੀਆਂ ਵਿਚੋਂ ਕਿਸੇ ਨੂੰ ਪ੍ਰਧਾਨ ਮੰਤਰੀ ਅਹੁਦੇ ਦੇ ਲਈ ਨਾਮਜ਼ਦ ਕਰ ਸਕਦੇ ਹਨ।

ਬੀਤੇ ਅਪ੍ਰੈਲ ਮਹੀਨੇ ਅਪਣਾਏ ਗਏ ਨਵੇਂ ਸੰਵਿਧਾਨ ਵਿਚ ਪ੍ਰਧਾਨ ਮੰਤਰੀ ਅਹੁਦੇ ਦੇ ਲਈ ਕਈ ਮਾਣਕ ਤੈਅ ਕੀਤੇ ਗਏ ਹਨ। ਇਸ ਅਹੁਦੇ ਦੇ ਉਮੀਦਵਾਰ ਦੇ ਲਈ 605 ਮੈਂਬਰੀ ਨੈਸ਼ਨਲ ਅਸੈਂਬਲੀ ਦਾ ਮੈਂਬਰ ਹੋਣਾ ਲਾਜ਼ਮੀ ਹੈ। ਜਨਮ ਤੋਂ ਕਿਊਬਾ ਦਾ ਨਾਗਰਿਕ ਹੋਣ ਦੇ ਨਾਲ ਹੀ ਉਸ ਦੇ ਕੋਲ ਕਿਸੇ ਦੂਜੇ ਦੇਸ਼ ਦੀ ਨਾਗਰਿਕਤਾ ਨਹੀਂ ਹੋਣੀ ਚਾਹੀਦੀ ਹੈ। ਦੱਸ ਦਈਏ ਕਿ ਸਾਲ 2013 ਵਿਚ ਮਿਗੇਲ ਡਿਆਲ-ਕਾਨੇਲ ਕਿਊਬਾ ਦੇ ਉਪ ਰਾਸ਼ਟਰਪਤੀ ਬਣੇ ਸਨ। ਇਹਨਾਂ ਨੂੰ ਫਿਦੇਲ ਕਾਸਤਰੋ ਦੇ ਭਰਾ ਕਾਓਲ ਕਾਸਤਰੋ ਦਾ ਸੱਜਾ ਹੱਥ ਮੰਨਿਆ ਜਾਂਦਾ ਹੈ।

ਫਿਦੇਲ ਕਾਸਤਰੋ ਸਨ ਆਖਰੀ ਪ੍ਰਧਾਨ ਮੰਤਰੀ 
ਕ੍ਰਾਂਤੀਕਾਰੀ ਨੇਤਾ ਫਿਦੇਲ ਕਾਸਤਰੋ ਨੇ 1976 ਵਿਚ ਰਾਸ਼ਟਰਪਤੀ ਦੀ ਕੁਰਸੀ ਸੰਭਾਲਣ ਤੋਂ ਬਾਅਦ ਪ੍ਰਧਾਨ ਮੰਤਰੀ ਅਹੁਦਾ ਖਤਮ ਕਰ ਦਿੱਤਾ ਸੀ। ਸਮਰਾਜਵਾਦੀ ਵਿਵਸਥਾ ਦੇ ਵਿਰੋਧੀ ਰਹੇ ਕਾਸਤਰੋ ਨੇ ਕਿਊਬਾ ਵਿਚ ਸ਼ੋਸ਼ਣ ਦੇ ਖਿਲਾਫ ਲੜਕੇ ਸਾਲ 1959 ਵਿਚ ਕਮਿਊਨਿਸਟ ਸੱਤਾ ਸਥਾਪਿਤ ਕੀਤੀ ਸੀ। ਉਹ ਉਦੋਂ ਤੋਂ 1976 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਸਨ। ਸਾਲ 2008 ਤੱਕ ਰਾਸ਼ਟਰਪਤੀ ਰਹਿਣ ਤੋਂ ਬਾਅਦ ਉਹਨਾਂ ਨੇ ਆਪਣਾ ਅਹੁਦਾ ਆਪਣੇ ਭਰਾ ਰਾਓਲ ਕਾਸਤਰੋ ਨੂੰ ਸੌਂਪ ਦਿੱਤਾ ਸੀ।

Baljit Singh

This news is Content Editor Baljit Singh