ਕਿਊਬਾ ਨੂੰ 40 ਸਾਲ ਬਾਅਦ ਮਿਲਿਆ ਪਹਿਲਾ ਪ੍ਰਧਾਨ ਮੰਤਰੀ

12/22/2019 3:36:57 PM

ਹਵਾਨਾ— ਕਿਊਬਾ 'ਚ ਚਾਰ ਦਹਾਕਿਆਂ ਤੋਂ ਵਧੇਰੇ ਸਮੇਂ ਮਗਰੋਂ ਪਹਿਲੀ ਵਾਰ ਦੇਸ਼ ਨੂੰ ਪ੍ਰਧਾਨ ਮੰਤਰੀ ਮਿਲਿਆ ਹੈ। ਲੰਬੇ ਸਮੇਂ ਤਕ ਟੂਰਿਸਟ ਮੰਤਰੀ ਰਹੇ ਮੈਨੂਅਲ ਮਾਰੇਰੋ ਨੇ ਫਿਦੇਲ ਕਾਸਤਰੋ ਦੇ ਬਾਅਦ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਹੈ। ਸਰਕਾਰ ਦੇ ਮੁਖੀ ਦੇ ਤੌਰ 'ਤੇ ਮਾਰੇਰੋ (56) ਦੀ ਨਿਯੁਕਤੀ ਰੈਵੋਲਿਊਸ਼ਨਰੀ ਓਲਡ ਗਾਰਡ ਤੋਂ ਪੀੜ੍ਹੀਗਤ ਬਦਲਾਅ ਅਤੇ ਕੇਂਦਰੀਕਰਨ ਦੀ ਪ੍ਰਕਿਰਿਆ ਦਾ ਹਿੱਸਾ ਹੈ, ਜਿਸ ਦਾ ਮਕਸਦ ਕਮਿਊਨਿਸਟ ਪਾਰਟੀ ਦੇ ਸ਼ਾਸਨ ਦੀ ਰੱਖਿਆ ਕਰਨਾ ਹੈ।

ਰਾਸ਼ਟਰਪਤੀ ਮਿਗਵੇਲ ਡਿਆਜ ਕੈਨਲ ਨੇ ਸ਼ਨੀਵਾਰ ਨੂੰ ਕਿਹਾ,''ਕਿਊਬਾ ਦੀ ਕਮਿਊਨਿਸਟ ਪਾਰਟੀ ਰਾਜਨੀਤਕ ਬਿਊਰੋ ਨੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।'' ਇਸ ਦੇ ਬਾਅਦ ਕਮਿਊਨਿਸਟ ਪਾਰਟੀ ਦੇ ਨੇਤਾ ਸਾਬਕਾ ਰਾਸ਼ਟਰਪਤੀ ਰਾਓਲ ਕਾਸਤਰੋ ਨੇ ਮਾਰੇਰੋ ਨਾਲ ਹੱਥ ਮਿਲਾਇਆ। ਮਾਰੇਰੋ ਕ੍ਰਾਂਤਕਾਰੀ ਨਾਇਕ ਫਿਦੇਲ ਕਾਸਤਰੋ ਦੇ ਪ੍ਰਸ਼ਾਸਨ 'ਚ 2004 ਤੋਂ ਹੁਣ ਤਕ ਟੂਰਿਸਟ ਮੰਤਰੀ ਰਹੇ। ਫਿਦੇਲ ਦੇ ਭਰਾ ਰਾਓਲ ਅਤੇ ਰਾਸ਼ਟਰਪਤੀ ਡਿਆਜ ਕੈਨਲ ਦੇ ਸ਼ਾਸਨ 'ਚ ਵੀ ਉਹ ਇਸ ਅਹੁਦੇ 'ਤੇ ਬਣੇ ਰਹੇ।