ਇਸ ਦੇਸ਼ ''ਚ ਖੁੱਲ੍ਹਿਆ ''ਮਿਊਜ਼ੀਅਮ ਆਫ ਹੈਂਗਓਵਰ'', ਲੋਕਾਂ ਨੇ ਸ਼ੇਅਰ ਕੀਤੇ ਅਨੁਭਵ

12/26/2019 10:44:49 AM

ਜ਼ੇਗਰੇਬ (ਬਿਊਰੋ): ਦੁਨੀਆ ਵਿਚ ਜ਼ਿਆਦਾਤਰ ਲੋਕ ਡਰਿੰਕ ਕਰਨ ਦੇ ਬਾਅਦ ਹੋਸ਼ ਗਵਾ ਬੈਠਦੇ ਹਨ। ਇਸ ਸਥਿਤੀ ਵਿਚ ਕੁਝ ਲੋਕ ਅਜੀਬ ਹਰਕਤਾਂ ਕਰਦੇ ਹਨ ਜਾਂ ਕੁਝ ਦੇ ਨਾਲ ਦਿਲਚਸਪ ਜਾਂ ਮਾੜੀਆਂ ਘਟਨਾਵਾਂ ਵੀ ਵਾਪਰ ਜਾਂਦੀਆਂ ਹਨ। ਇਸ ਸਬੰਧੀ ਕ੍ਰੋਏਸ਼ੀਆ ਦੀ ਰਾਜਧਾਨੀ ਜ਼ੇਗਰੇਬ ਵਿਚ ਮਿਊਜ਼ੀਅਮ ਆਫ ਹੈਂਗਓਵਰਸ ਖੁੱਲ੍ਹਿਆ ਹੈ, ਜਿੱਥੇ ਦੁਨੀਆ ਭਰ ਦੇ ਸ਼ਰਾਬੀਆਂ ਦੀਆਂ ਉਹ ਚੀਜ਼ਾਂ ਰੱਖੀਆਂ ਗਈਆਂ ਹਨ ਜਿਹੜੀਆਂ ਨਸ਼ਾ ਉਤਰਨ ਦੇ ਬਾਅਦ ਉਹਨਾਂ ਕੋਲੋਂ ਮਿਲੀਆਂ ਸਨ। ਇਸ ਦੇ ਇਲਾਵਾ ਇੱਥੇ ਸ਼ਰਾਬ ਦੇ ਨਸ਼ੇ ਵਿਚ ਆਪਣੀਆਂ ਚੀਜ਼ਾਂ ਭੁੱਲ ਜਾਣ ਅਤੇ ਅਣਜਾਣ ਲੋਕਾਂ ਦੀਆਂ ਚੀਜ਼ਾਂ ਗਲਤੀ ਨਾਲ ਆਪਣੇ ਕੋਲ ਰੱਖ ਲੈਣ ਵਾਲਿਆਂ ਦੀ ਕਹਾਣੀ ਸੁਣਾਈ ਜਾਂਦੀ ਹੈ।

ਮਿਊਜ਼ੀਅਮ ਨੂੰ ਰੌਬਰਟਾ ਡੁਬੋਕੋਵਿਕ ਅਤੇ ਉਹਨਾਂ ਦੇ ਬੁਆਏਫਰੈਂਡ ਰਿਨੋ ਡੁਬੋਕੋਵਿਕ ਨੇ ਖੋਲ੍ਹਿਆ। ਉਹਨਾਂ ਦਾ ਕਹਿਣਾ ਹੈ ਕਿ ਫਿਲਹਾਲ ਤਾਂ ਮਿਊਜ਼ੀਅਮ ਵਿਚ ਸਿਰਫ ਮਸਤੀ-ਮਜ਼ਾਕ ਨਾਲ ਸਬੰਧਤ ਚੀਜ਼ਾਂ ਰੱਖੀਆਂ ਗਈਆਂ ਹਨ ਪਰ ਜਲਦੀ ਹੀ ਉਹ ਇੱਥੇ ਇਕ ਅਜਿਹੀ ਸਹੂਲਤ ਸ਼ੁਰੂ ਕਰਨਗੇ ਜਿਸ ਵਿਚ ਲੋਕਾਂ ਨੂੰ ਡਰਿੰਕ ਨਾਲ ਹੋਣ ਵਾਲੇ ਨੁਕਸਾਨ ਦੇ ਪ੍ਰਤੀ ਸਾਵਧਾਨ ਕੀਤਾ ਜਾਵੇਗਾ। ਇਸ ਮਿਊਜ਼ੀਅਮ ਦੀ ਸ਼ੁਰੂਆਤ ਸਟ੍ਰੀਟ ਰੂਮ ਨਾਲ ਹੁੰਦੀ ਹੈ ਜਿਸ ਦੀਆਂ ਕੰਧਾਂ 'ਤੇ ਰੰਗੀਨ ਮਿਊਰਲਜ਼ (ਤਸਵੀਰਾਂ) ਬਣੇ ਹਨ। ਇਸ ਦੇ ਬਾਅਦ ਮਿਰਰ ਰੂਮ ਅਤੇ ਆਖਰੀਕਮਰੇ ਵਿਚ ਸ਼ਰਾਬੀਆਂ ਤੋਂ ਮਿਲੀਆਂ ਚੀਜ਼ਾਂ ਰੱਖੀਆਂ ਗਈਆਂ ਹਨ।

ਮਿਊਜ਼ੀਅਮ ਦੇ ਇਕ ਹਾਲ ਵਿਚ ਚਾਕਬੋਰਡ ਰੱਖਿਆ ਗਿਆ ਹੈ, ਜਿੱਥੇ ਹਰੇਕ ਜਾਣ ਵਾਲੇ ਲਈ ਇਕ ਲਾਈਨ ਲਿਖੀ ਹੈ ਜਿਸ ਨੂੰ ਉਹ ਆਪਣੇ ਦੌਰੇ ਤੋਂ ਬਾਅਦ ਪੂਰਾ ਕਰਦੇ ਹਨ। ਚਾਕਬੋਰਡ 'ਤੇ ਲਿਖਿਆ ਹੈ- ਜਦੋਂ ਮੇਰਾ ਸ਼ਰਾਬ ਦਾ ਨਸ਼ਾ ਉਤਰਿਆ ਤਾਂ ਮੈਂ...... ਸੀ। ਇੱਥੇ ਆਪਣੀਆਂ ਚੀਜ਼ਾਂ ਜਮਾ ਕਰਾਉਣ ਵਾਲੇ ਲੋਕਾਂ ਨੇ ਵੱਖਰੀਆਂ-ਵੱਖਰੀਆਂ ਲਾਈਨਾਂ ਲਿਖੀਆਂ ਹਨ। ਇਕ ਸ਼ਖਸ ਨੇ ਲਿਖਿਆ,''ਮੈਂ ਅਵਾਰਾ ਕੁੱਤਿਆਂ ਦੇ ਨਾਲ ਸੀ।'' ਤਾਂ ਦੂਜੇ ਨੇ ਲਿਖਿਆ,'' ਢੇਰ ਸਾਰੇ ਕੱਦੂਆਂ ਦੇ ਨਾਲ।'' ਰਿਨੋ ਨੂੰ ਇਹ ਮਿਊਜ਼ੀਅਮ ਖੋਲ੍ਹਣ ਦਾ ਆਈਡੀਆ ਉਹਨਾਂ ਦੇ ਇਕ ਦੋਸਤ ਤੋਂ ਆਇਆ ਸੀ। 

ਉਹ ਦੱਸਦੇ ਹਨ,''ਇਕ ਵਾਰ ਮੈਂ ਆਪਣੇ ਦੋਸਤ ਨੂੰ ਉਂਝ ਹੀ ਪੁੱਛਿਆ ਕਿ ਹੈਂਗਓਵਰ ਦਾ ਨਸ਼ਾ ਉਤਰਨ ਦੇ ਬਾਅਦ ਉਸ ਕੋਲ ਅਜਿਹੀ ਕਿਹੜੀ ਚੀਜ਼ ਸੀ ਜੋ ਉਸ ਲਈ ਨਵੀਂ ਸੀ। ਉਦੋਂ ਉਸ ਨੇ ਜਵਾਬ ਦਿੱਤਾ ਕਿ ਉਸ ਦੀ ਜੇਬ ਵਿਚ ਸਾਈਕਲ ਦਾ ਪੈਡਲ ਸੀ। ਮੈਨੂੰ ਬਹੁਤ ਹਾਸਾ ਆਇਆ ਅਤੇ ਮੈਂ ਸੋਚਿਆ ਕਿ ਕਿਉਂ ਨਾ ਅਜਿਹੀਆਂ ਚੀਜ਼ਾਂ ਦਾ ਇਕ ਮਿਊਜ਼ੀਅਮ ਖੋਲ੍ਹਿਆ ਜਾਵੇ। ਇਸ ਮਿਊਜ਼ੀਅਮ ਵਿਚ ਇਹਨਾਂ ਚੀਜ਼ਾਂ ਦੇ ਨਾਲ ਡਰਿੰਕ ਦੇ ਸ਼ੁਕੀਨਾਂ ਦਾ ਨਸ਼ਾ ਉਤਰਨ ਦੇ ਬਾਅਦ ਦੀਆਂ ਕਹਾਣੀਆਂ ਵੀ ਹੋਣਗੀਆਂ, ਜਿਹਨਾਂ ਨੂੰ ਹਰ ਕੋਈ ਸੁਨਣਾ ਚਾਹੇਗਾ।'' 

ਇਕ ਮੁੰਡੇ ਨੇ ਮਿਊਜ਼ੀਅਮ ਆ ਕੇ ਦੱਸਿਆ ਸੀ ਕਿ ਇਕ ਵਾਰ ਤਾਂ ਨਸ਼ੇ ਵਿਚ ਉਹ ਆਪਣੇ ਹੀ  ਘਰ ਦਾ ਦਰਵਾਜਾ ਖੁੱਲ੍ਹਣ 'ਤੇ ਆਪਣੇ ਪੁਲਸੀਏ ਪਿਤਾ ਨੂੰ ਹੀ ਆਈਕਾਰਡ ਦਿਖਾਉਂਦਾ ਰਿਹਾ ਕਿਉਂਕਿ ਉਸ ਨੂੰ ਲੱਗ ਰਿਹਾ ਸੀ ਕਿ ਜਿਵੇਂ ਉਹ ਕਿਸੇ ਨਵੇਂ ਕਲੱਬ ਵਿਚ ਚਲਾ ਗਿਆ ਹੋਵੇ। ਇਕ ਟੂਰਿਸਟ ਨੇ ਉਹਨਾਂ ਨੂੰ ਦੱਸਿਆ ਕਿ ਇਹ ਮਿਊਜ਼ੀਅਮ ਚੰਗੀਆਂ ਯਾਦਾਂ ਦੇ ਨਾਲ ਬੁਰੀਆਂ ਗੱਲਾਂ ਦੀ ਵੀ ਯਾਦ ਦਿਵਾਉਂਦਾ ਹੈ।

Vandana

This news is Content Editor Vandana