ਕੋਵਿਸ਼ੀਲਡ ਵੈਕਸੀਨ ਨੂੰ UK ਨੇ ਦਿੱਤੀ ਮਨਜ਼ੂਰੀ, ਨਵੀਆਂ ਟ੍ਰੈਵਲ ਗਾਈਡਲਾਈਨਜ਼ ਜਾਰੀ

09/22/2021 4:28:46 PM

ਲੰਡਨ (ਭਾਸ਼ਾ): ਬ੍ਰਿਟੇਨ ਸਰਕਾਰ ਨੇ ਭਾਰਤ ਵਿਚ ਬਣੇ ਆਕਸਫੋਰਡ/ਐਸਟ੍ਰਾਜ਼ੇਨੇਕਾ ਦੇ ਐਂਟੀ ਕੋਵਿਡ-19 ਟੀਕੇ ਕੋਵਿਸ਼ੀਲਡ ਨੂੰ ਬੁੱਧਵਾਰ ਨੂੰ ਆਪਣੀ ਅਪਡੇਟ ਕੀਤੀ ਅੰਤਰਰਾਸ਼ਟਰੀ ਯਾਤਰਾ ਸਲਾਹ ਵਿਚ ਸ਼ਾਮਲ ਕਰ ਲਿਆ। ਇਸ ਦੇ ਨਾਲ ਹੀ ਨਵੀਆਂ ਯਾਤਰਾ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਭਾਵੇਂਕਿ ਹਾਲੇ ਇਹਨਾਂ ਵਿਚ ਜ਼ਿਆਦਾ ਤਬਦੀਲੀ ਨਹੀਂ ਕੀਤੀ ਗਈ। ਇਸ ਤੋਂ ਪਹਿਲਾਂ ਬ੍ਰਿਟੇਨ ਦੇ ਨਵੇਂ ਯਾਤਰਾ ਨਿਯਮ ਮੁਤਾਬਕ ਸੀਰਮ ਇੰਸਟੀਚਿਊਟ ਆਫ ਇੰਡੀਆ ਵੱਲੋਂ ਬਣਾਏ ਗਏ ਕੋਵਿਸ਼ੀਲਡ ਟੀਕੇ ਦੀਆਂ ਦੋਹਾਂ ਖੁਰਾਕਾਂ ਲੈਣ ਵਾਲੇ ਲੋਕਾਂ ਦੇ ਟੀਕਾਕਰਣ ਨੂੰ ਮਾਨਤਾ ਨਹੀਂ ਦਿੱਤੀ ਸੀ ਅਤੇ ਬ੍ਰਿਟੇਨ ਪਹੁੰਚਣ 'ਤੇ ਉਹਨਾਂ ਨੂੰ 10 ਦਿਨਾਂ ਲਈ ਕੁਆਰੰਟੀਨ ਵਿਚ ਰਹਿਣ ਦੀ ਲੋੜ ਦੱਸੀ ਗਈ ਸੀ।ਬ੍ਰਿਟੇਨ ਦੇ ਇਸ ਫ਼ੈਸਲੇ ਦੀ ਵਿਆਪਕ ਨਿੰਦਾ ਹੋਈ ਸੀ।

ਤਾਜ਼ਾ ਐਡਵਾਇਜ਼ਰੀ ਵਿਚ ਨਵਾਂ ਕੀ ਹੈ
ਇੱਥੇ ਦੱਸ ਦਈਏ ਕਿ ਯੂਕੇ ਦੀ ਤਾਜ਼ਾ ਟ੍ਰੈਵਲ ਐਡਵਾਇਜ਼ਰੀ 4 ਅਕਤਬੂਰ ਤੋਂ ਲਾਗੂ ਹੁੰਦੀ ਹੈ। ਇਸ ਨੂੰ ਕੁਝ ਦਿਨ ਪਹਿਲਾਂ ਜਾਰੀ ਕੀਤਾ ਗਿਆ ਸੀ ਪਰ ਇਸ ਵਿਚ ਕੋਵਿਸ਼ੀਲਡ ਨੂੰ ਮਾਨਤਾ ਨਹੀਂ ਦਿੱਤੀ ਗਈ ਸੀ ਜਿਸ ਨੂੰ ਲੈਕੇ ਵਿਵਾਦ ਬਣਿਆ ਹੋਇਆ ਸੀ। ਹੁਣ ਨਵੀਂ ਐਡਵਾਇਜ਼ਰੀ ਵਿਚ ਕੋਵਿਸ਼ੀਲਡ ਦੇ ਨਾਮ ਨੂੰ ਜੋੜਿਆ ਗਿਆ ਹੈ। ਤਾਜ਼ਾ ਟ੍ਰੈਵਲ ਐਡਵਾਇਜ਼ਰੀ ਵਿਚ ਨਵੀਂ ਗੱਲ ਇਹ ਹੈ ਕਿ ਇਸ ਵਿਚ ਲਿਖਿਆ ਹੈ,''ਚਾਰ ਸੂਚੀਬੱਧ ਟੀਕਿਆਂ ਦੇ ਫਾਰਮੂਲੇਸ਼ਨ ਜਿਸ ਵਿਚ ਐਸਟ੍ਰਾਜੇਨੇਕਾ, ਕੋਵਿਸ਼ੀਲਡ, ਐਸਟ੍ਰਾਜੇਨੇਕਾ ਵੈਕਸਜੇਵਰੀਆ, ਮੋਡਰਨਾ ਟਾਕੇਡਾ ਨੂੰ ਵੈਕਸੀਨ ਦੇ ਤੌਰ 'ਤੇ ਮਾਨਤਾ ਦਿੱਤੀ ਜਾਂਦੀ ਹੈ।'' ਇਸ ਤੋਂ ਪਹਿਲਾਂ ਆਦੇਸ਼ ਵਿਚ ਜਿਹੜੇ ਨਿਰਦੇਸ਼ ਲਿਖੇ ਸਨ ਉਹ ਹਾਲੇ ਵੀ ਲਿਖੇ ਹਨ। 

ਪੜ੍ਹੋ ਇਹ ਅਹਿਮ ਖਬਰ- ਸਕਾਟਲੈਂਡ: ਯੂਨੀਵਰਸਿਟੀ ਨੂੰ ਸਾਬਕਾ ਵਿਦਿਆਰਥੀ ਨੇ ਦਿੱਤਾ 50 ਮਿਲੀਅਨ ਪੌਂਡ ਦਾ ਦਾਨ 

ਬ੍ਰਿਟੇਨ ਦੇ ਇਸ ਫ਼ੈਸਲੇ ਦਾ ਮਤਲਬ ਹੈ ਕਿ ਕੋਵਿਸ਼ੀਲਡ ਟੀਕੇ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਲੋਕਾਂ ਨੂੰ 10 ਦਿਨ ਦੇ ਕੁਆਰੰਟੀਨ ਵਿਚ ਰਹਿਣ ਦੀ ਲੋੜ ਨਹੀਂ ਹੋਵੇਗੀ। ਨਾਲ ਹੀ ਉਹਨਾਂ ਨੂੰ ਇਹ ਵੀ ਦੱਸਣ ਦੀ ਲੋੜ ਨਹੀਂ ਹੋਵੇਗੀ ਕਿ ਉਹ ਬ੍ਰਿਟੇਨ ਵਿਚ ਕਿੱਥੇ ਰਹਿਣਗੇ। ਇਸ ਵਿਚ ਕਿਹਾ ਗਿਆ ਹੈ ਕਿ ਯੂਕੇ, ਯੂਰਪ,ਅਮਰੀਕਾ ਦੇ ਵੈਕਸੀਨ ਪ੍ਰੋਗਰਾਮ ਵਿਚ ਜਿਹੜੀ ਵੈਕਸੀਨ ਦੇ ਤਹਿਤ ਟੀਕਾ ਲੱਗਿਆ ਹੋਵੇਗਾ ਉਸ ਨੂੰ ਹੀ ਪੂਰੀ ਤਰ੍ਹਾਂ ਟੀਕਾਕਰਣ ਮੰਨਿਆ ਜਾਵੇਗਾ। ਅੱਗੇ ਕਿਹਾ ਗਿਆ ਹੈ ਕਿ ਆਕਸਫੋਰਡ/ਐਸਟ੍ਰਾਜੇਨੇਕਾ, ਫਾਈਜ਼ਰ, ਬਾਇਓਨਟੇਕ, ਮੋਡਰਨਾ ਅਤੇ ਜੇਨਸੇਨ ਵੈਕਸੀਨ ਨੂੰ ਮਾਨਤਾ ਦਿੱਤੀ ਗਈ ਹੈ। ਇਹ ਵੈਕਸੀਨ ਆਸਟ੍ਰੇਲੀਆ, ਐਂਟੀਗੁਆ ਅਤੇ ਬਾਰਬੁਡਾ, ਬਾਰਬਾਡੋਸ, ਬਹਿਰੀਨ,ਬਰੁਨੇਈ, ਕੈਨੇਡਾ, ਡੋਮਿਨਿਕਾ, ਇਜ਼ਰਾਈਲ, ਜਾਪਾਨ, ਕੁਵੈਤ, ਮਲੇਸ਼ੀਆ, ਨਿਊਜ਼ੀਲੈਂਡ, ਕਤਰ, ਸਾਊਦੀ ਅਰਬ, ਸਿੰਗਾਪੁਰ, ਦੱਖਣੀ ਕੋਰੀਆ ਜਾਂ ਤਾਇਵਾਨ ਦੀ ਕਿਸੇ ਵੀ ਸਬੰਧਤ ਜਨਤਕ ਸਿਹਤ ਬੌਡੀ ਤੋਂ ਲੱਗੀ ਹੋਣੀ ਚਾਹੀਦੀ ਹੈ। 

ਮੰਗਲਵਾਰ ਨੂੰ ਟ੍ਰੈਵਲ ਐਡਵਾਇਜ਼ਰੀ ਦੇ ਸੰਬੰਧ ਵਿਚ ਭਾਰਤ ਦੀਆਂ ਚਿਤਾਵਾਂ ਦਾ ਹੱਲ ਨਾ ਕੀਤੇ ਜਾਣ ਦੀ ਸਥਿਤੀ ਵਿਚ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਬ੍ਰਿਟੇਨ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਬ੍ਰਿਟੇਨ ਨੇ ਮੰਗ ਨਾ ਮੰਨੀ ਤਾਂ ਉਸੇ ਤਰ੍ਹਾਂ ਦੇ ਕਦਮ ਭਾਰਤ ਵੀ ਚੁੱਕ ਸਕਦਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਬ੍ਰਿਟੇਨ ਆਉਣ ਤੋਂ 14 ਦਿਨ ਪਹਿਲਾਂ ਟੀਕੇ ਦੀਆਂ ਦੋਵੇਂ ਖੁਰਾਕਾਂ ਲੈਣੀਆਂ ਲਾਜ਼ਮੀ ਹਨ। ਅਸਲ ਵਿਚ ਬ੍ਰਿਟੇਨ ਦੀ ਯਾਤਰਾ ਦੇ ਸੰਬੰਧ ਵਿਚ ਫਿਲਹਾਲ ਲਾਲ, ਐਮਬਰ ਅਤੇ ਹਰੇ ਰੰਗ ਦੀਆਂ ਤਿੰਨ ਵੱਖ-ਵੱਖ ਸੂਚੀਆਂ ਬਣਾਈਆਂ ਗਈਆਂ ਹਨ।ਕੋਵਿਡ-19 ਦੇ ਖਤਰੇ ਮੁਤਾਬਕ ਵੱਖ-ਵੱਖ ਦੇਸ਼ਾਂ ਨੂੰ ਵੱਖ-ਵੱਖ ਸੂਚੀ ਵਿਚ ਰੱਖਿਆ ਗਿਆ ਹੈ। 4 ਅਕਤੂਬਰ ਨੂੰ ਸਾਰੀਆਂ ਸੂਚੀਆਂ ਨੂੰ ਮਿਲਾ ਦਿੱਤਾ ਜਾਵੇਗਾ ਅਤੇ ਸਿਰਫ ਲਾਲ ਸੂਚੀ ਬਾਕੀ ਰਹੇਗੀ। ਲਾਲ ਸੂਚੀ ਵਿਚ ਸ਼ਾਮਲ ਦੇਸ਼ਾਂ ਦੇ ਯਾਤਰੀਆਂ ਨੂੰ ਬ੍ਰਿਟੇਨ ਦੀ ਯਾਤਰਾ 'ਤੇ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ। ਭਾਰਤ ਹਾਲੇ ਵੀ ਐਮਬਰ ਸੂਚੀ ਵਿਚ ਹੈ। ਇਸ ਸੂਚੀ ਵਿਚ ਸ਼ਾਮਲ ਦੇਸ਼ਾਂ ਦੇ ਯਾਤਰੀਆਂ ਨੂੰ ਬ੍ਰਿਟੇਨ ਜਾਣ 'ਤੇ ਕੁਝ ਪਾਬੰਦੀਆਂ ਵਿਚੋਂ ਲੰਘਣਾ ਪੈ ਸਕਦਾ ਹੈ।

Vandana

This news is Content Editor Vandana