ਕੋਵਿਡ-19 ਕੇਸ ਅਮਰੀਕਾ ਅਤੇ ਅਫਰੀਕਾ ਨੂੰ ਛੱਡ ਹਰ ਜਗ੍ਹਾ ਘਟ ਰਹੇ : WHO

05/12/2022 5:59:38 PM

ਜੇਨੇਵਾ (ਏਜੰਸੀ): ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਨੇ ਕੋਵਿਡ-19 ਮਹਾਮਾਰੀ ਦੇ ਆਪਣੇ ਤਾਜ਼ਾ ਮੁਲਾਂਕਣ ਵਿਚ ਕਿਹਾ ਹੈ ਕਿ ਅਮਰੀਕਾ ਅਤੇ ਅਫਰੀਕਾ ਨੂੰ ਛੱਡ ਕੇ ਦੁਨੀਆ ਦੇ ਹੋਰ ਹਿੱਸਿਆਂ ਵਿਚ ਲਾਗ ਦੇ ਨਵੇਂ ਮਾਮਲੇ ਘੱਟ ਰਹੇ ਹਨ। ਵਿਸ਼ਵ ਸਿਹਤ ਸੰਸਥਾ ਨੇ ਮੰਗਲਵਾਰ ਦੇਰ ਰਾਤ ਜਾਰੀ ਆਪਣੀ ਹਫ਼ਤਾਵਾਰੀ ਰਿਪੋਰਟ 'ਚ ਕਿਹਾ ਕਿ ਦੁਨੀਆ ਭਰ 'ਚ ਲਗਭਗ 35 ਲੱਖ ਨਵੇਂ ਮਾਮਲੇ ਅਤੇ 25 ਹਜ਼ਾਰ ਤੋਂ ਜ਼ਿਆਦਾ ਮੌਤਾਂ ਦਰਜ ਕੀਤੀਆਂ ਗਈਆਂ, ਜੋ ਕਿ ਕ੍ਰਮਵਾਰ 12 ਫੀਸਦੀ ਅਤੇ 25 ਫੀਸਦੀ ਘੱਟ ਹਨ। ਸੰਯੁਕਤ ਰਾਸ਼ਟਰ ਦੀ ਸੰਸਥਾ ਨੇ ਕਿਹਾ ਕਿ ਮਾਰਚ ਮਹੀਨੇ ਤੋਂ ਸੰਕਰਮਣ ਦੇ ਮਾਮਲੇ ਘਟਣੇ ਸ਼ੁਰੂ ਹੋ ਗਏ ਸਨ। ਹਾਲਾਂਕਿ, ਬਹੁਤ ਸਾਰੇ ਦੇਸ਼ਾਂ ਨੇ ਵੱਡੇ ਪੱਧਰ 'ਤੇ ਸਕ੍ਰੀਨਿੰਗ ਅਤੇ ਨਿਗਰਾਨੀ ਪ੍ਰੋਗਰਾਮਾਂ ਨੂੰ ਰੋਕ ਦਿੱਤਾ ਹੈ, ਜਿਸ ਨਾਲ ਕੇਸਾਂ ਬਾਰੇ ਸਹੀ ਜਾਣਕਾਰੀ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। 

ਡਬਲਯੂ.ਐਚ.ਓ. ਨੇ ਕਿਹਾ ਕਿ ਸਿਰਫ ਦੋ ਖੇਤਰ ਹਨ ਜਿੱਥੇ ਕੋਵਿਡ-19 ਦੇ ਮਾਮਲੇ ਵਧੇ ਹਨ। ਸੰਗਠਨ ਨੇ ਕਿਹਾ ਕਿ ਅਮਰੀਕਾ ਵਿਚ ਸੰਕਰਮਣ ਦੇ ਮਾਮਲਿਆਂ ਵਿਚ 14 ਫੀਸਦੀ ਅਤੇ ਅਫਰੀਕਾ ਵਿਚ 12 ਫੀਸਦੀ ਦਾ ਵਾਧਾ ਹੋਇਆ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਪੱਛਮੀ ਪ੍ਰਸ਼ਾਂਤ ਖੇਤਰ 'ਚ ਸੰਕਰਮਣ ਦੀ ਦਰ ਸਥਿਰ ਹੈ, ਜਦਕਿ ਬਾਕੀ ਸਾਰੀਆਂ ਥਾਵਾਂ 'ਤੇ ਲਾਗਾਂ 'ਚ ਕਮੀ ਆਈ ਹੈ। ਡਬਲਯੂ.ਐਚ.ਓ. ਦੇ ਡਾਇਰੈਕਟਰ-ਜਨਰਲ ਟੇਡਰੋਸ ਅਡਾਨੋਮ ਘੇਬਰੇਅਸਸ ਨੇ ਇਸ ਹਫ਼ਤੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਚੇਤਾਵਨੀ ਦਿੱਤੀ ਕਿ 50 ਤੋਂ ਵੱਧ ਦੇਸ਼ਾਂ ਵਿੱਚ ਸੰਕਰਮਣ ਦੇ ਮਾਮਲਿਆਂ ਵਿੱਚ ਵਾਧਾ ਕੋਰੋਨਾ ਵਾਇਰਸ ਦੀ ਅਸਥਿਰਤਾ ਨੂੰ ਦਰਸਾਉਂਦਾ ਹੈ। ਟੇਡਰੋਸ ਨੇ ਕਿਹਾ ਕਿ ਕੋਵਿਡ-19 ਦੇ ਪ੍ਰਕਾਰ ਜਿਹਨਾਂ ਵਿਚਛੂਤਕਾਰੀ ਓਮੀਕ੍ਰੋਨ ਵੇਰੀਐਂਟ ਸ਼ਾਮਲ ਹਨ, ਦੇ ਕਾਰਨ ਬਹੁਤ ਸਾਰੇ ਦੇਸ਼ਾਂ ਵਿੱਚ ਕੇਸ ਮੁੜ ਵੱਧ ਰਹੇ ਹਨ।  

ਪੜ੍ਹੋ ਇਹ ਅਹਿਮ ਖ਼ਬਰ- ਅਧਿਐਨ 'ਚ ਦਾਅਵਾ, ਚੀਨ 'ਚ ਆਏਗੀ ਕੋਰੋਨਾ ਦੀ 'ਸੁਨਾਮੀ', ਜੁਲਾਈ ਤੱਕ 16 ਲੱਖ ਮੌਤਾਂ ਦਾ ਖਦਸ਼ਾ

ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਵਿੱਚ ਦੱਖਣੀ ਅਫਰੀਕਾ ਵੀ ਸ਼ਾਮਲ ਹੈ ਜਿੱਥੇ ਪਿਛਲੇ ਸਾਲ ਨਵੰਬਰ ਵਿੱਚ ਓਮੀਕ੍ਰੋਨ ਦੀ ਪਛਾਣ ਪਹਿਲੀ ਵਾਰ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਜਿੱਥੇ ਜ਼ਿਆਦਾਤਰ ਆਬਾਦੀ ਨੇ ਇਮਿਊਨਿਟੀ ਵਿਕਸਿਤ ਕੀਤੀ ਹੈ, ਉੱਥੇ ਹਸਪਤਾਲ ਵਿੱਚ ਦਾਖਲ ਹੋਣ ਜਾਂ ਮਰੀਜਾਂ ਦੀ ਮੌਤ ਦੀ ਦਰ ਘੱਟ ਹੈ। ਟੇਡਰੋਸ ਨੇ ਇਹ ਚੇਤਾਵਨੀ ਵੀ ਦਿੱਤੀ ਕਿ ਇਹ ਉਹਨਾਂ ਥਾਵਾਂ ਦੀ ਗਾਰੰਟੀ ਨਹੀਂ ਹੈ ਜਿੱਥੇ ਟੀਕਾਕਰਨ ਦੀਆਂ ਦਰਾਂ ਘੱਟ ਹਨ। ਉਹਨਾਂ ਨੇ ਅੱਗੇ ਕਿਹਾ ਕਿ ਗਰੀਬ ਦੇਸ਼ਾਂ ਵਿੱਚ ਸਿਰਫ 16 ਪ੍ਰਤੀਸ਼ਤ ਆਬਾਦੀ ਨੂੰ ਐਂਟੀ-ਕੋਵਿਡ-19 ਟੀਕੇ ਦੀ ਖੁਰਾਕ ਮਿਲੀ ਹੈ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਉੱਤਰੀ ਕੋਰੀਆ ਨੇ ਪਹਿਲੀ ਵਾਰ ਕੋਰੋਨਾ ਵਾਇਰਸ ਮਹਾਮਾਰੀ ਦੀ ਘੋਸ਼ਣਾ ਕੀਤੀ ਅਤੇ ਦੇਸ਼ ਵਿਆਪੀ ਤਾਲਾਬੰਦੀ ਲਾਗੂ ਕੀਤੀ। ਹਾਲਾਂਕਿ ਮਹਾਮਾਰੀ ਦੇ ਪੱਧਰ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ। ਇਹ ਮੰਨਿਆ ਜਾਂਦਾ ਹੈ ਕਿ ਉੱਤਰੀ ਕੋਰੀਆ ਵਿੱਚ ਮਹਾਮਾਰੀ ਦੇ ਘਾਤਕ ਪ੍ਰਭਾਵ ਹੋ ਸਕਦੇ ਹਨ ਕਿਉਂਕਿ ਉੱਥੇ ਕਮਜ਼ੋਰ ਸਿਹਤ ਸੇਵਾ ਹੈ। ਨਾਲ ਹੀ, ਦੇਸ਼ ਦੀ 2.6 ਕਰੋੜ ਆਬਾਦੀ ਵਿੱਚੋਂ ਜ਼ਿਆਦਾਤਰ ਨੂੰ ਕੋਵਿਡ-19 ਵਿਰੋਧੀ ਟੀਕੇ ਦੀ ਖੁਰਾਕ ਨਹੀਂ ਲੱਗੀ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News