ਕੋਵਿਡ-19 : ਦੁਨੀਆ ਦੇ ਉਹ ਸ਼ਹਿਰ ਜੋ ਫਿਰ ਤੋਂ ਕਰ ਰਹੇ ਤਾਲਾਬੰਦੀ ਦਾ ਸਾਹਮਣਾ

07/04/2020 9:33:55 PM

ਵਾਸ਼ਿੰਗਟਨ - ਦੁਨੀਆ ਭਰ ਦੇ ਕਈ ਸ਼ਹਿਰਾਂ ਵਿਚ ਲੋਕ ਲੰਬੀ ਤਾਲਾਬੰਦੀ ਤੋਂ ਬਾਅਦ ਜ਼ਿੰਦਗੀ ਵਾਪਸ ਪਟੜੀ 'ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਕਈ ਥਾਂਵਾਂ 'ਤੇ ਕੋਰੋਨਾਵਾਇਰਸ ਦੇ ਮਾਮਲੇ ਇਸ ਤਰ੍ਹਾਂ ਵਧੇ ਹਨ ਕਿ ਉਥੇ ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਇਕ ਵਾਰ ਫਿਰ ਤੋਂ ਤਾਲਾਬੰਦੀ ਲਾਗੂ ਕਰਨੀ ਪੈ ਰਹੀ ਹੈ। ਬੀਜ਼ਿੰਗ ਤੋਂ ਲੈ ਕੇ ਲੇਸਟਰ ਤੱਕ ਕਈ ਸ਼ਹਿਰਾਂ ਵਿਚ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ 'ਤੇ ਲਗਾਮ ਲਾਉਣ ਦੇ ਇਰਾਦੇ ਨਾਲ ਦੁਬਾਰਾ ਪਾਬੰਦੀਆਂ ਲਾਈਆਂ ਗਈਆਂ ਹਨ। ਦੁਨੀਆ ਭਰ ਵਿਚ ਕੋਰੋਨਾਵਾਇਰਸ ਦੇ ਮਾਮਲੇ ਵਧ ਕੇ 11,260,973 ਹੋ ਗਏ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ ਵਧ ਕੇ 530,297 ਹੋ ਗਈ ਹੈ।

ਇਸ ਵਿਚਾਲੇ ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਦੀ ਇਹ ਚਿਤਾਵਨੀ ਵੀ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਕਿ ਇਸ ਮਹਾਮਾਰੀ ਦਾ ਸਭ ਤੋਂ ਖਰਾਬ ਦੌਰ ਅਜੇ ਨਹੀਂ ਆਇਆ ਹੈ। ਤਾਲਾਬੰਦੀ ਦੇ ਸ਼ੁਰੂਆਤੀ ਪੜਾਅ ਵਿਚ ਲੋਕਾਂ ਦਾ ਇਕ ਦੂਜੇ ਨਾਲ ਸੰਪਰਕ ਤੋੜਣ ਵਿਚ ਮਦਦ ਮਿਲੀ ਸੀ ਅਤੇ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਵਿਚ ਕੁਝ ਹੱਦ ਤੱਕ ਕਾਰਗਰ ਰਿਹਾ। ਵਿਆਪਕ ਪੱਧਰ 'ਤੇ ਟੈਸਟਿੰਗ ਅਤੇ ਟ੍ਰੇਸਿੰਗ ਤੋਂ ਲੈ ਕੇ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਨੂੰ ਲਾਗੂ ਕਰਾਉਣ ਵਿਚ ਵੀ ਪ੍ਰਸ਼ਾਸਨ ਨੂੰ ਮਦਦ ਮਿਲੀ ਪਰ ਜਿਵੇਂ ਹੀ ਪਾਬੰਦੀਆਂ ਵਿਚ ਢਿੱਲ ਦੇਣ ਦੀ ਸ਼ੁਰੂਆਤ ਹੋਈ, ਕੋਰੋਨਾ ਲਾਗ ਦੇ ਨਵੇਂ ਮਾਮਲੇ, ਨਵੇਂ ਹਾਟ-ਸਪਾਟ ਇਲਾਕੇ ਸਾਹਮਣੇ ਆਉਣ ਲੱਗੇ ਅਤੇ ਕੁਝ ਥਾਂਵਾਂ 'ਤੇ ਤਾਂ ਹਾਲਾਤ ਇਸ ਕਦਰ ਬੇਕਾਬੂ ਹੋ ਗਏ ਕਿ ਦੁਬਾਰਾ ਤੋਂ ਤਾਲਾਬੰਦੀ ਕਰਨ ਦਾ ਫੈਸਲਾ ਕਰਨਾ ਪਿਆ। ਜ਼ਿਆਦਾਤਰ ਮਾਮਲਿਆਂ ਵਿਚ ਨਵੀਂ ਤਾਲਾਬੰਦੀ ਛੋਟੇ ਇਲਾਕਿਆਂ ਵਿਚ, ਹਾਟਸਪਾਟ ਵਾਲੀਆਂ ਥਾਂਵਾਂ 'ਤੇ ਅਤੇ ਅਜਿਹੇ ਸਥਾਨਾਂ 'ਤੇ ਬਹੁਤ ਭੀੜਭਾੜ ਰਹਿੰਦੀ ਹੈ ਅਤੇ ਸੋਸ਼ਲ ਡਿਸਟੈਂਸਿੰਗ ਨੂੰ ਲਾਗੂ ਕਰਨਾ ਮੁਸ਼ਕਿਲ ਹੈ, ਲਾਈ ਗਈ। ਇਨਾਂ ਵਿਚ ਚੀਨ ਦੀ ਰਾਜਧਾਨੀ ਬੀਜ਼ਿੰਗ ਹੈ, ਜਿਥੇ ਨਵੀਂ ਯਾਤਰਾ ਪਾਬੰਦੀ ਲਾਗੂ ਕੀਤੀ ਗਈ ਹੈ।

ਬੀਜ਼ਿੰਗ ਤੋਂ ਇਲਾਵਾ ਚੀਨ ਦੇ ਹੀ ਹੁਬੇਈ ਸੂਬੇ ਦੇ ਐਨਕਿਸਨ ਸ਼ਹਿਰ ਵਿਚ ਕੋਰੋਨਾਵਾਇਰਸ ਦੇ ਮਾਮਲੇ ਫਿਰ ਤੋਂ ਮਿਲਣ 'ਤੇ ਨਵੇਂ ਸਿਰ ਤੋਂ ਪਾਬੰਦੀਆਂ ਲਾਈਆਂ ਗਈਆਂ ਹਨ। ਠੀਕ ਇਸੇ ਤਰ੍ਹਾਂ ਮੈਲਬਰਨ ਵਿਚ ਕੋਰੋਨਾਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧਣ ਲੱਗੇ ਤਾਂ ਆਸਟ੍ਰੇਲੀਆ ਨੇ 3 ਲੱਖ ਤੋਂ ਜ਼ਿਆਦਾ ਆਬਾਦੀ ਦੀ ਰਿਹਾਇਸ਼ ਵਾਲੇ ਇਲਾਕੇ ਵਿਚ ਤਾਲਾਬੰਦੀ ਫਿਰ ਤੋਂ ਲਾਗੂ ਕਰ ਦਿੱਤੀ। ਬਿ੍ਰਟੇਨ ਵਿਚ ਲੇਸਟਰ ਸ਼ਹਿਰ ਦਾ ਪਹਿਲਾ ਅਜਿਹਾ ਸ਼ਹਿਰ ਬਣਿਆ ਜਿਸ ਨੇ ਦੁਬਾਰਾ ਤਾਲਾਬੰਦੀ ਦੇਖੀ। ਮੀਡੀਆ ਰਿਪੋਰਟਾਂ ਮੁਤਾਬਕ ਜੇਕਰ ਅਮਰੀਕਾ ਦੇ ਹਿਊਸਟਨ ਅਤੇ ਨਿਊਯਾਰਕ ਜਿਹੇ ਸ਼ਹਿਰਾਂ ਵਿਚ ਕੋਰੋਨਾ ਦੇ ਹਾਲਾਤ ਇਸ ਤਰ੍ਹਾਂ ਨਾਲ ਖਰਾਬ ਹੁੰਦੇ ਰਹੇ ਤਾਂ ਉਥੇ ਵੀ ਤਾਲਾਬੰਦੀ ਲਾਉਣ ਦੇ ਬਾਰੇ ਵਿਚ ਵਿਚਾਰ ਕੀਤਾ ਜਾ ਸਕਦਾ ਹੈ। ਹਾਲਾਂਕਿ ਦੂਜੀ ਤਾਲਾਬੰਦੀ ਵਿਚ ਹਾਟਸਪਾਟ ਵਾਲੇ ਇਲਾਕਿਆਂ 'ਤੇ ਹੀ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਕੁਝ ਮਾਮਲਿਆਂ ਵਿਚ ਤਾਂ ਪਹਿਲਾਂ ਤੋਂ ਘੱਟ ਸਖਤੀ ਵਰਤੀ ਜਾ ਰਹੀ ਹੈ।

Khushdeep Jassi

This news is Content Editor Khushdeep Jassi