ਸ਼ੁਜਾਤ ਬੁਖਾਰੀ ਦੇ ਕਤਲ ''ਤੇ ਕਿਹੋ ਜਿਹੀ ਰਹੀ ਪਾਕਿਸਤਾਨੀ ਮੀਡੀਆ ਦੀ ਕਵਰੇਜ

06/15/2018 5:22:08 PM

ਲਾਹੌਰ (ਏਜੰਸੀ)- ਸ਼੍ਰੀਨਗਰ ਦੀ ਪ੍ਰੈਸ ਕਾਲੋਨੀ ਵਿਚ ਰਾਈਜ਼ਿੰਗ ਕਸ਼ਮੀਰ ਦੇ ਚੀਫ ਐਡੀਟਰ ਸ਼ੁਜਾਤ ਬੁਖਾਰੀ ਨੂੰ ਵੀਰਵਾਰ ਦੇਰ ਸ਼ਾਮ ਬਾਈਕ ਸਵਾਰ ਹਮਲਾਵਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਬੇਬਾਕ ਪੱਤਰਕਾਰ ਦੇ ਤੌਰ ਉੱਤੇ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਸ਼ੁਜਾਤ ਬੁਖਾਰੀ ਦੇ ਕਤਲ ਦੀ ਘਟਨਾ ਉੱਤੇ ਮੁੱਖ ਮੰਤਰੀ ਮਹਿਬੂਬਾ ਮੁਫਤੀ, ਸਾਬਕਾ ਸੀ.ਐਮ. ਉਮਰ ਅਬਦੁੱਲਾ, ਕੇਂਦਰੀ ਮੰਤਰੀ ਰਾਜਨਾਥ ਸਿੰਘ ਅਤੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਦੁੱਖ ਪ੍ਰਗਟ ਕੀਤਾ ਅਤੇ ਘਟਨਾ ਦੀ ਸਖ਼ਤ ਨਿੰਦਿਆ ਕੀਤੀ। ਇਸ ਘਟਨਾ ਨੂੰ ਪਾਕਿਸਤਾਨੀ ਮੀਡੀਆ ਵਿਚ ਵੀ ਥਾਂ ਮਿਲੀ ਹੈ।
ਪਾਕਿਸਤਾਨ ਦੀਆਂ ਉਰਦੂ ਅਖਬਾਰਾਂ ਨੇ ਸ਼ੁਜਾਤ ਬੁਖਾਰੀ ਦੇ ਕਤਲ ਦੀ ਘਟਨਾ ਨੂੰ ਪਹਿਲੇ ਪੰਨੇ ਉੱਤੇ ਛਾਪਿਆ ਹੈ ਅਤੇ ਇਸ ਖਬਰ ਨੂੰ ਵਿਸ਼ੇਸ਼ ਰੂਪ ਨਾਲ ਕਵਰ ਕੀਤਾ ਗਿਆ ਹੈ। ਰੋਜ਼ਨਾਮਾ ਜੰਗ ਨੇ ਲਿਖਿਆ ਕਿ ਕਸ਼ਮੀਰ ਵਿਚ ਮੁਮਤਾਜ਼ (ਸੀਨੀਅਰ) ਪੱਤਰਕਾਰ ਸ਼ੁਜਆਤ ਬੁਖਾਰੀ ਦਾ ਕਤਲ ਕਰ ਦਿੱਤਾ ਗਿਆ। ਅਖਬਾਰ ਨੇ ਮੀਡੀਆ ਰਿਪੋਰਟਾਂ ਦੇ ਹਵਾਲੇ ਤੋਂ ਇਹ ਵੀ ਲਿਖਿਆ ਹੈ ਕਿ ਸ਼ੁਜਾਤ ਬੁਖਾਰੀ ਕਸ਼ਮੀਰ ਉੱਤੇ ਹਿੰਦੁਸਤਾਨੀ ਕਬਜ਼ੇ ਖਿਲਾਫ ਸਨ ਅਤੇ ਉਹ ਆਪਣੇ ਅਖਬਾਰ ਰਾਹੀਂ ਮੁਤਵਾਜਿਨ (ਸੰਤੁਲਿਤ) ਅੰਦਾਜ਼ ਵਿਚ ਜਨਤਾ ਨੂੰ ਸੂਚਿਤ ਕਰਦੇ ਸਨ।
ਰੋਜ਼ਨਾਮਾ ਜਸਰਤ ਨੇ ਲਿਖਿਆ ਕਿ ਹਿੰਦ ਮਕਬੂਜ਼ਾ (ਭਾਰਤ ਅਧਿਕਾਰਤ) ਕਸ਼ਮੀਰ ਵਿਚ ਮਸ਼ਹੂਰ ਸ਼ੁਜਾਤ ਬੁਖਾਰੀ ਦਾ ਉਨ੍ਹਾਂ ਦੇ ਦਫਤਰ ਦੇ ਨੇੜੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਸ਼ੁਜਾਤ ਉੱਤੇ ਉਸ ਸਮੇਂ ਗੋਲੀਬਾਰੀ ਕੀਤੀ ਗਈ, ਜਦੋਂ ਉਹ ਆਪਣੇ ਅਖਬਾਰ ਦੇ ਦਫਤਰ 'ਚੋਂ ਆਪਣੇ ਸੁਰੱਖਿਆ ਮੁਲਾਜ਼ਮਾਂ ਨਾਲ ਗੱਡੀ ਵਿਚ ਬੈਠਣ ਲਈ ਨਿਕਲੇ ਸਨ।
ਡਾਨ ਨਿਊਜ਼ ਡਾਟ ਟੀਵੀ ਨੇ ਲਿਖਿਆ ਹੈ ਕਿ ਮਕਬੂਜ਼ਾ ਕਸ਼ਮੀਰ ਵਿਚ ਅਣਪਛਾਤੇ ਸ਼ੱਕੀਆਂ ਦੀ ਫਾਇਰਿੰਗ ਕਾਰਨ ਸੀਨੀਅਰ ਪੱਤਰਕਾਰ ਅਤੇ ਰੋਜ਼ਨਾਮਾ ਰਾਈਜ਼ਿੰਗ ਕਸ਼ਮੀਰ ਦੇ ਚੀਫ ਐਡੀਟਰ ਸ਼ੁਜਾਤ ਬੁਖਾਰੀ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਵੈਬ ਪੋਰਟਲ ਕਸ਼ਮੀਰ ਏ ਉਜ਼ਮਾ ਡਾਟ ਨੈਟ ਨੇ ਸ਼ੁਜਾਤ ਬੁਖਾਰੀ ਨੂੰ ਪੱਤਰਕਾਰਾਂ ਦੀ ਦੁਨੀਆ ਵਿਚ ਇਕ ਮਾਰੂਫ ਨਾਂ ਦੱਸਿਆ। ਪੋਰਟਲ ਵਿਚ ਕਿਹਾ ਗਿਆ ਹੈ ਕਿ ਉਹ ਕਸ਼ਮੀਰੀ ਮੀਡੀਆ ਦੀਆਂ ਵੱਡੀਆਂ ਹਸਤੀਆਂ ਵਿਚੋਂ ਸਨ ਅਤੇ ਉਨ੍ਹਾਂ ਦਾ ਸ਼ੁਮਾਰ ਅਜਿਹੇ ਕੁਝ ਪੱਤਰਕਾਰਾਂ ਵਿਚ ਹੁੰਦਾ ਸੀ, ਜਿਨ੍ਹਾਂ ਨੂੰ ਸੰਸਕ੍ਰਿਤੀ ਨਾਲ ਪ੍ਰੇਮ ਸੀ। ਸ਼ੁਜਾਤ ਬੁਖਾਰੀ ਨੇ ਆਪਣੀ ਕਲਮ ਨਾਲ ਪੱਤਰਕਾਰਾਂ ਦੀ ਹੈਸੀਅਤ ਵਿਚ ਆਪਣਾ ਲੋਹਾ ਮਨਵਾਇਆ ਸੀ ਅਤੇ ਦੁਨੀਆ ਦੇ ਕਈ ਦੇਸ਼ਾਂ ਵਿਚ ਅਮਨ ਅਤੇ ਸੁਰੱਖਿਆ ਕਾਨਫਰੰਸ ਵਿਚ ਉਨ੍ਹਾਂ ਨੇ ਹਿੱਸਾ ਲਿਆ ਸੀ।