ਬੱਚੇ ਨੂੰ ਏਅਰਪੋਰਟ ਦੇ ਚੈਕਿੰਗ ਕਾਊਂਟਰ 'ਤੇ ਛੱਡ ਗਿਆ ਜੋੜਾ, ਜਾਣੋ ਪੂਰਾ ਮਾਮਲਾ

02/02/2023 5:05:48 PM

ਇੰਟਰਨੈਸ਼ਨਲ ਡੈਸਕ (ਬਿਊਰੋ) ਇਜ਼ਰਾਈਲ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਤੇਲ ਅਵੀਵ ਵਿੱਚ ਬੇਨ-ਗੁਰਿਅਨ ਏਅਰਪੋਰਟ 'ਤੇ ਮੰਗਲਵਾਰ ਨੂੰ ਏਅਰਪੋਰਟ ਪ੍ਰਸ਼ਾਸਨ ਉਸ ਸਮੇਂ ਹੈਰਾਨ ਰਹਿ ਗਿਆ, ਜਦੋਂ ਇਕ ਜੋੜਾ ਆਪਣੇ ਬੱਚੇ ਨੂੰ ਛੱਡ ਕੇ ਉੱਥੋਂ ਜਾਣ ਲੱਗਾ। ਰਿਪੋਰਟ ਮੁਤਾਬਕ ਬੱਚੇ ਲਈ ਟਿਕਟ ਖਰੀਦਣ ਨੂੰ ਲੈ ਕੇ ਜੋੜੇ ਦਾ ਏਅਰਪੋਰਟ ਪ੍ਰਸ਼ਾਸਨ ਨਾਲ ਝਗੜਾ ਹੋ ਗਿਆ ਸੀ, ਜਿਸ ਕਾਰਨ ਨਾਰਾਜ਼ ਜੋੜਾ ਆਪਣੇ ਬੱਚੇ ਨੂੰ ਉੱਥੇ ਹੀ ਛੱਡ ਕੇ ਚਲਾ ਗਿਆ।

ਬੱਚੇ ਨੂੰ ਹਵਾਈ ਅੱਡੇ 'ਤੇ ਛੱਡਿਆ

ਰਿਪੋਰਟ ਮੁਤਾਬਕ ਇੱਕ ਬੈਲਜੀਅਨ ਜੋੜੇ ਨੇ ਏਅਰਲਾਈਨ ਸਟਾਫ ਨੂੰ ਉਦੋਂ ਹੈਰਾਨ ਕਰ ਦਿੱਤਾ, ਜਦੋਂ ਉਨ੍ਹਾਂ ਨੇ ਬੱਚੇ ਲਈ ਟਿਕਟ ਖਰੀਦਣ ਨੂੰ ਲੈ ਕੇ ਵਿਵਾਦ ਦੇ ਬਾਅਦ ਆਪਣੇ ਬੱਚੇ ਨੂੰ ਚੈੱਕ-ਇਨ ਡੈਸਕ 'ਤੇ ਛੱਡ ਦਿੱਤਾ। ਆਇਰਲੈਂਡ ਸਥਿਤ Ryanair ਦੇ ਸਟਾਫ ਨੇ ਸਥਾਨਕ ਪ੍ਰੈਸ ਨੂੰ ਦੱਸਿਆ ਕਿ ਜੋੜਾ ਆਪਣੇ ਬੱਚੇ ਨੂੰ ਟਰਾਲੀ ਵਿੱਚ ਛੱਡ ਗਿਆ ਸੀ। ਸਥਾਨਕ ਮੀਡੀਆ ਨੇ ਇਕ ਕਰਮਚਾਰੀ ਦੇ ਹਵਾਲੇ ਨਾਲ ਕਿਹਾ ਕਿ "ਅਸੀਂ ਅਜਿਹਾ ਕਦੇ ਨਹੀਂ ਦੇਖਿਆ ਹੈ। ਅਸੀਂ ਜੋ ਦੇਖ ਰਹੇ ਸੀ ਉਸ 'ਤੇ ਅਸੀਂ ਵਿਸ਼ਵਾਸ ਨਹੀਂ ਕਰ ਸਕਦੇ ਸੀ।" ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਕਿ ਜੋੜਾ, ਜੋ ਬੈਲਜੀਅਮ ਲਈ ਆਪਣੀ ਫਲਾਈਟ ਫੜਨ ਲਈ ਦੇਰੀ ਨਾਲ ਪਹੁੰਚਿਆ ਸੀ, ਸੁਰੱਖਿਆ ਪ੍ਰੋਟੋਕੋਲ ਤੋਂ ਲੰਘਦੇ ਸਮੇਂ ਚਿੰਤਤ ਜਾਪਦਾ ਸੀ।

ਪੜ੍ਹੋ ਇਹ ਅਹਿਮ ਖ਼ਬਰ-ਭਾਰਤ, ਅਮਰੀਕਾ ਨੇ ਖੋਜ ਪ੍ਰੋਜੈਕਟਾਂ ਦੀ ਚੋਣ ਅਤੇ ਫੰਡਿੰਗ ਪ੍ਰਕਿਰਿਆ ਨੂੰ ਸੌਖਾ ਬਣਾਉਣ ਲਈ ਕੀਤਾ ਸਮਝੌਤਾ

ਪੁਲਸ ਕਰ ਰਹੀ ਮਾਮਲੇ ਦੀ ਜਾਂਚ

ਏਅਰਲਾਈਨ ਕੰਪਨੀ ਦੇ ਬੁਲਾਰੇ ਨੇ ਬ੍ਰਿਟਿਸ਼ ਅਖਬਾਰ 'ਦਿ ਇੰਡੀਪੈਂਡੈਂਟ' ਨੂੰ ਦੱਸਿਆ ਕਿ "ਤੇਲ ਅਵੀਵ ਤੋਂ ਬ੍ਰਸੇਲਜ਼ ਦੀ ਯਾਤਰਾ ਕਰ ਰਹੇ ਇਹ ਯਾਤਰੀ ਬਿਨਾਂ ਬੁਕਿੰਗ ਦੇ ਆਪਣੇ ਬੱਚੇ ਲਈ ਚੈੱਕ-ਇਨ ਕਾਊਂਟਰ 'ਤੇ ਆਏ ਸਨ। ਫਿਰ ਉਹ ਬੱਚੇ ਨੂੰ ਚੈੱਕ-ਇਨ 'ਤੇ ਛੱਡ ਕੇ ਸੁਰੱਖਿਆ ਲਾਈਨ ਵੱਲ ਵਧ ਗਏ।ਉਸਨੇ ਅੱਗੇ ਕਿਹਾ ਕਿ ਫਿਰ ਚੈੱਕ-ਇਨ ਏਜੰਟ ਨੇ ਹਵਾਈ ਅੱਡੇ ਦੀ ਸੁਰੱਖਿਆ ਨਾਲ ਸੰਪਰਕ ਕੀਤਾ, ਜਿਸ ਨੇ ਇਨ੍ਹਾਂ ਯਾਤਰੀਆਂ ਨੂੰ ਵਾਪਸ ਬੁਲਾਇਆ ਅਤੇ ਇਹ ਹੁਣ ਸਥਾਨਕ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।" ਇੱਥੇ ਦੱਸ ਦਈਏ ਕਿ Ryanair 'ਤੇ ਇੱਕ ਬੱਚੇ ਦੇ ਨਾਲ ਯਾਤਰਾ ਕਰਨ ਲਈ ਲਗਭਗ 2,500 ਰੁਪਏ ਦਾ ਭੁਗਤਾਨ ਕਰਨਾ ਪੈਂਦਾ ਹੈ, ਜਿਸ ਵਿੱਚ ਬੱਚੇ ਲਈ ਇੱਕ ਲੈਪ ਸੀਟ ਦੀ ਸਹੂਲਤ ਦਿਤੀ ਜਾਂਦੀ ਹੈ ਜਾਂ ਯਾਤਰੀ ਨੂੰ ਬੱਚੇ ਲਈ ਵੱਖਰੀ ਸੀਟ ਖਰੀਦਣ ਦੀ ਲੋੜ ਹੁੰਦੀ ਹੈ ਅਤੇ ਵੱਖਰੀ ਸੀਟ ਖਰੀਦਣ ਲਈ ਪੂਰਾ ਕਿਰਾਇਆ ਵਸੂਲਿਆ ਜਾਂਦਾ ਹੈ। ਖਬਰਾਂ ਮੁਤਾਬਕ ਕਿਰਾਏ ਦਾ ਭੁਗਤਾਨ ਕਰਨ ਤੋਂ ਬਚਣ ਲਈ ਜੋੜੇ ਨੇ ਆਪਣੇ ਬੱਚੇ ਨੂੰ ਏਅਰਪੋਰਟ 'ਤੇ ਹੀ ਛੱਡ ਦਿੱਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana